ਜੰਮੂ,(ਦੇਵ ਇੰਦਰਜੀਤ) :ਸਾਲ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾਇਆ ਗਿਆ ਸੀ। ਹੁਣ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤਿਰੰਗਾ ਲਹਿਰਾਉਣ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਹਨ। ਐੱਲ. ਜੀ. ਦੇ ਨਿਰਦੇਸ਼ ਮੁਤਾਬਕ ਜੰਮੂ-ਕਸ਼ਮੀਰ ’ਚ ਅਗਲੇ 15 ਦਿਨਾ ਦੇ ਅੰਦਰ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਤਿਰੰਗਾ ਲਹਿਰਾਇਆ ਜਾਵੇਗਾ। ਅਨੰਤਨਾਗ ਦੇ ਜ਼ਿਲ੍ਹਾ ਅਧਿਕਾਰੀ ਨੇ ਜ਼ਿਲ੍ਹੇ ਵਿਚ ਸਾਰੇ ਸਰਕਾਰੀ ਭਵਨਾਂ ਅਤੇ ਦਫ਼ਤਰਾਂ ’ਤੇ ਤਿਰੰਗਾ ਲਹਿਰਾਉਣ ਲਈ ਇਕ ਸਰਕੂਲਰ ਜਾਰੀ ਕੀਤਾ।
ਡਵੀਜ਼ਨਲ ਕਮਿਸ਼ਨਰ, ਜੰਮੂ ਵਲੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਡਵੀਜ਼ਨ ਦੇ ਵੱਖ-ਵੱਖ ਮਹਿਕਮਿਆਂ ਦੇ ਕਮਿਸ਼ਨਰਾਂ/ਬੋਰਡ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਭਾਰਤੀ ਤਿਰੰਗਾ ਲਹਿਰਾਉਣ ਦੀਆਂ ਵਿਵਸਥਾਵਾਂ ਮੁਤਾਬਕ ਉੱਪ ਰਾਜਪਾਲ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ।
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਹਾਲ ਹੀ ’ਚ ਡਵੀਜ਼ਨਲ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟ੍ਰੇਟ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ਬੈਠਕ ਦੌਰਾਨ ਉੱਪ ਰਾਜਪਾਲ ਨੇ ਸੂਬੇ ਦੇ ਸਾਰੇ 20 ਜ਼ਿਲ੍ਹਿਆਂ ਦੇ ਡੀ. ਸੀ., ਐੱਸ. ਪੀ., ਨੂੰ ਸਾਰੇ ਸਰਕਾਰੀ ਭਵਨਾਂ ’ਤੇ ਤਿਰੰਗਾ ਲਹਿਰਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।