ਅੰਮ੍ਰਿਤਸਰ (ਦੇਵ ਇੰਦਰਜੀਤ) - 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਲਾਏ ਗਏ ਕੇਸਰੀ ਝੰਡੇ ਨੂੰ ਭਾਵੇਂ ਕੁਝ ਲੋਕਾਂ ਵੱਲੋਂ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਇਨ੍ਹਾਂ ਲੋਕਾਂ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਭੀੜ ਦੇ ਹਿੱਸੇ 'ਚੋਂ ਜਿਵੇਂ ਇਕ ਨੌਜਵਾਨ ਨੇ ਕੇਂਸਰੀ ਝੰਡੇ ਨੂੰ ਉਥੇ ਟੰਗ ਦਿੱਤਾ, ਉਸ 'ਤੇ ਐੱਸਜੀਪੀਸੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਫ ਕਿਹਾ ਕਿ ਉਹ ਨਿਸ਼ਾਨ ਸਾਹਿਬ ਨਹੀਂ, ਸਿਰਫ਼ ਇਕ ਝੰਡੀ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਤੇ ਲਾਏ ਗਏ ਝੰਡੇ ਨੂੰ ਨਿਸ਼ਾਨ ਸਾਹਿਬ ਨਹੀਂ ਕਿਹਾ ਜਾ ਸਕਦਾ। ਉਹ ਸਿਰਫ਼ ਇਕ ਝੰਡੀ ਹੈ। ਇਸ ਤਰ੍ਹਾਂ ਦੀਆਂ ਝੰਡੀਆਂ ਨੂੰ ਕਈ ਕਿਸਾਨਾਂ ਨੇ ਹੱਥਾਂ 'ਚ ਫੜਿਆ ਹੋਇਆ ਸੀ, ਜਿਸ ਢੰਗ ਨਾਲ ਝੰਡੀ ਲਾਲ ਕਿਲ੍ਹੇ 'ਤੇ ਬੰਨ੍ਹੀ ਗਈ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਚੜ੍ਹਾਉਣਾ ਨਹੀਂ ਕਿਹਾ ਜਾ ਸਕਦਾ। ਨਿਸ਼ਾਨ ਸਾਹਿਬ ਚੜ੍ਹਾਉਣ ਲਈ ਬਕਾਇਦਾ ਵਿਧੀ ਅਪਣਾਉਣੀ ਹੁੰਦੀ ਹੈ।
ਐੱਸਜੀਪੀਸੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਪਾਠ ਕੀਤਾ ਜਾਂਦਾ ਹੈ।