ਖੰਨਾ (ਬਿਪਿਨ)- ਪੰਜਾਬ ਦੀਆਂ ਮੰਡੀਆਂ ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਸਰਹਿੰਦ-ਪਟਿਆਲਾ ਰੋਡ ਉੱਪਰ ਪਿੰਡ ਰੁੜਕੀ ਨੇੜੇ ਧਰਨੇ ਉੱਪਰ ਬੈਠੇ ਕਿਸਾਨਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਗੱਡੀ ਘੇਰ ਲਈ ਅਤੇ ਚਾਹਲ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ।
ਅਨਾਜ ਮੰਡੀਆਂ ਅੰਦਰ ਬਾਰਦਾਨੇ ਦੀ ਘਾਟ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਪਿੰਡ ਰੁੜਕੀ ਦੇ ਕੋਲ ਸਰਹਿੰਦ-ਪਟਿਆਲਾ ਰੋਡ ਉੱਪਰ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਪਟਿਆਲਾ ਵੱਲੋਂ ਆ ਰਹੀ ਭਰਤ ਇੰਦਰ ਸਿੰਘ ਚਾਹਲ ਦੀਆਂ ਗੱਡੀਆਂ ਦਾ ਕਾਫਿਲਾ ਕਿਸਾਨਾਂ ਨੇ ਰੋਕ ਲਿਆ। ਕਿਸਾਨਾਂ ਨੇ ਚਾਹਲ ਦੀ ਗੱਡੀ ਨੂੰ ਚਾਰੋਂ ਪਾਸਿਓਂ ਘੇਰਾ ਪਾ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰਤੀ । ਪਹਿਲਾਂ ਤਾਂ ਚਾਹਲ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਗੱਡੀ ਚੋਂ ਬਾਹਰ ਨਹੀਂ ਆਏ ਅਤੇ ਸ਼ੀਸ਼ਾ ਵੀ ਨਹੀਂ ਖੋਲਿਆ ਗਿਆ। ਜਦੋਂ ਪੁਲਿਸ ਫੋਰਸ ਮੌਕੇ ਤੇ ਆਈ ਤਾਂ ਚਾਹਲ ਨੇ ਆ ਕਾਰ ਚੋਂ ਬਾਹਰ ਆ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਸਾਨਾਂ ਨੇ ਕਿਹਾ ਕਿ ਬਾਰਦਾਨਾ ਨਾ ਆਉਣ ਤੱਕ ਉਹ ਚਾਹਲ ਨੂੰ ਜਾਣ ਨਹੀਂ ਦੇਣਗੇ।
ਕਿਸਾਨ ਆਗੂ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਮੰਡੀਆਂ 'ਚ ਬਾਰਦਾਨਾ ਨਾ ਹੋਣ ਕਰਕੇ ਬੁਰਾ ਹਾਲ ਹੈ। ਇਸ ਕਰਕੇ ਉਹਨਾਂ ਨੇ ਧਰਨਾ ਲਾਇਆ। ਉਹ ਉਦੋਂ ਤੱਕ ਚਾਹਲ ਨੂੰ ਜਾਣ ਨਹੀਂ ਦੇਣਗੇ ਜਦੋਂ ਤੱਕ ਬਾਰਦਾਨਾ ਨਹੀਂ ਆਵੇਗਾ। ਜੇਕਰ ਚਾਹਲ ਕਿਸੇ ਹੋਰ ਗੱਡੀ ਚ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਗੱਡੀ ਵੀ ਘੇਰ ਲਈ ਜਾਵੇਗੀ।