ਹੇਗ (ਦੇਵ ਇੰਦਰਜੀਤ )- ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਅਤੇ ਉਨ੍ਹਾਂ ਦੀ ਸਾਰੀ ਕੈਬਨਿਟ ਨੇ ਸ਼ੁਕਰਵਾਰ ਬੱਚਿਆਂ ਦੀ ਭਲਾਈ ਸਬੰਧੀ ਫੰਡ ਦੀ ਅਦਾਇਗੀ ਨਾਲ ਜੁੜੇ ਘੁਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ। ਜਾਂਚ ਵਿੱਚ ਪਤਾ ਲੱਗਾ ਕਿ ਇਸ ਘੁਟਾਲੇ ’ਚ ਮਾਪਿਆਂ ’ਤੇ ਗਲਤ ਰੂਪ ’ਚ ਧੋਖਾਧੜੀ ਦਾ ਦੋਸ਼ ਲਾਇਆ ਗਿਆ।
ਇੱਕ ਕੌਮੀ ਚੈਨਲ ’ਤੇ ਭਾਸ਼ਣ ’ਚ ਰੁੱਟੇ ਨੇ ਕਿਹਾ ਕਿ ਉਹ ਆਪਣੇ ਫ਼ੈਸਲੇ ਤੋਂ ਕਿੰਗ ਵਿਲੀਅਮ ਅਲੈਗਜ਼ੈਂਡਰ ਨੂੰ ਜਾਣੂੁ ਕਰਵਾ ਦਿੱਤਾ ਸੀ ਅਤੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਜਲਦ ਤੋਂ ਜਲਦੀ ਪੀੜਤ ਮਾਪਿਆਂ ਨੂੰ ਮੁਆਵਜ਼ੇ ਦੀ ਅਦਾਇਗੀ ਅਤੇ ਕਰੋਨਾਵਾਇਰਸ ਨਾਲ ਲੜਾਈ ਲਈ ਕੰਮ ਜਾਰੀ ਰੱਖੇਗੀ। ਰੁੱਟੇ ਨੇ ਕਿਹਾ, ‘ਅਸੀਂ ਇੱਕਮਤ ਹਾਂ ਕਿ ਜੇਕਰ ਸਾਰੀ ਪ੍ਰਣਾਲੀ ਫੇਲ੍ਹ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਇਸੇ ਦੇ ਸਿੱਟੇ ਵਜੋਂ ਉਨ੍ਹਾਂ ਨੇ ਕਿੰਗ ਨੂੰ ਸਮੁੱਚੇ ਕੈਬਨਿਟ ਦੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ।’ ਰੁੱਟੇ ਦੀ ਸਰਕਾਰ 17 ਮਾਰਚ ਨੂੰ ਚੋਣਾਂ ਮਗਰੋਂ ਇੱਕ ਨਵੀਂ ਸਰਕਾਰ ਬਣਨ ਤਕ ਕੇਅਰਟੇਕਰ ਵਜੋਂ ਕੰਮ ਕਰਦੀ ਰਹੇਗੀ।