ਟੋਰਾਂਟੋ (ਦੇਵ ਇੰਦਰਜੀਤ) - ਡੱਚੈੱਸ ਆਫ ਸਸੈਕਸ ਇੱਕ ਵਾਰੀ ਮੁੜ ਮਾਂ ਬਣਨ ਵਾਲੀ ਹੈ। ਇਹ ਖੁਲਾਸਾ ਡਿਊਕ ਤੇ ਡੱਚੈਸ ਆਫ ਸਸੈਕਸ ਦੇ ਬੁਲਾਰੇ ਨੇ ਕੀਤਾ।
ਪ੍ਰਿੰਸ ਹੈਰੀ ਤੇ ਮੇਘਨ ਦੋਵਾਂ ਨੇ ਪਿਛਲੇ ਸਾਲ ਰਸਮੀ ਤੌਰ ਉੱਤੇ ਰੌਇਲ ਡਿਊਟੀਜ਼ ਤੋਂ ਕਿਨਾਰਾ ਕਰ ਲਿਆ ਸੀ।ਥੋੜ੍ਹੇ ਸਮੇਂ ਲਈ ਵੈਨਕੂਵਰ ਠਹਿਰਣ ਤੋਂ ਬਾਅਦ ਉਹ ਕੈਲੇਫੋਰਨੀਆ ਜਾ ਕੇ ਰਹਿਣ ਲੱਗੇ ਸਨ। ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਬੱਚੇ ਦਾ ਜਨਮ ਕਦੋਂ ਹੋਵੇਗਾ।ਇਸ ਜੋੜੇ ਦਾ ਪਹਿਲਾ ਬੱਚਾ ਆਰਚੀ ਮਈ 2019 ਵਿੱਚ ਪੈਦਾ ਹੋਇਆ ਸੀ। ਪਿਛਲੇ ਸਾਲ ਨਵੰਬਰ ਵਿੱਚ ਮੇਘਨ ਨੇ ਨਿਊ ਯੌਰਕ ਟਾਈਮਜ਼ ਵਿੱਚ ਲਿਖੇ ਇੱਕ ਓਪੀਨੀਅਨ ਪੀਸ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਕਈ ਮਹੀਨੇ ਪਹਿਲਾਂ ਉਸ ਦਾ ਮਿਸਕੈਰੇਜ ਹੋਇਆ ਸੀ। ਉਸ ਨੇ ਇਹ ਵੀ ਲਿਖਿਆ ਸੀ ਕਿ ਉਹ ਦੂਜਿਆ ਦੀ ਮਦਦ ਲਈ ਆਪਣੀ ਇਹ ਕਹਾਣੀ ਸਾਂਝੀ ਕਰ ਰਹੀ ਹੈ।
ਸੀਟੀਵੀ ਦੇ ਰੌਇਲ ਕੰਮੈਟੇਟਰ ਰਿਚਰਡ ਬਰਥੈਲਸਨ ਨੇ ਆਖਿਆ ਕਿ ਨਵੇਂ ਬੱਚੇ ਦੀ ਆਮਦ ਦੀ ਖਬਰ ਹਮੇਸ਼ਾਂ ਉਤਸਾਹ ਦੇਣ ਵਾਲੀ ਹੁੰਦੀ ਹੈ ਤੇ ਇਹ ਜੋੜਾ ਪਿਛਲੇ ਸਾਲ ਜਿਸ ਪਰੇਸ਼ਾਨੀ ਵਿੱਚੋਂ ਲੰਘਿਆ ਹੈ ਉਸ ਲਈ ਤਾਂ ਇਹ ਹੋਰ ਵੀ ਖੁਸ਼ੀ ਦੇਣ ਵਾਲੀ ਹੈ।
ਇਹ ਬੱਚਾ ਰਾਜਗੱਦੀ ਦਾ 8ਵਾਂ ਵਾਰਿਸ ਹੋਵੇਗਾ ਪਰ ਜਨਮ ਸਮੇਂ ਬੱਚੇ ਨੂੰ ਸ਼ਾਹੀ ਖਿਤਾਬ ਹਾਸਲ ਨਹੀਂ ਹੋ ਸਕੇਗਾ। ਅਜਿਹਾ ਇਸ ਲਈ ਕਿਉਂਕਿ ਇਸ ਜੋੜੇ ਨੇ ਸ਼ਾਹੀ ਜਿੰਮੇਵਾਰੀਆਂ ਤੋਂ ਖੁਦ ਨੂੰ ਪਾਸੇ ਕਰ ਲਿਆ ਸੀ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਅਮਰੀਕਾ ਵਿੱਚ ਕਰਨ ਦਾ ਫੈਸਲਾ ਕੀਤਾ ਸੀ।