ਕੈਪਟਨ ਦੇ ਨਜ਼ਦੀਕੀ ਚੇਅਰਮੈਨਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਛੁੱਟੀ ਕਰਨ ਦੀ ਤਿਆਰੀ ‘ਚ ਕਾਂਗਰਸ

by vikramsehajpal

ਪਟਿਆਲਾ (ਦੇਵ ਇੰਦਰਜੀਤ) : ਕਾਂਗਰਸ ਹਾਈਕਮਾਂਡ ਵੱਲੋਂ ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੀ ਬਗਾਵਤ ਅਤੇ ਕੈਪਟਨ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਅਤੇ ਬੇਟੀ ਬੀਬਾ ਜੈਇੰਦਰ ਕੌਰ ਵੱਲੋਂ ਪਟਿਆਲਾ ਵਿਚ ਨਵੀਂ ਪਾਰਟੀ ਲਈ ਕੀਤੀ ਜਾ ਰਹੀ ਜ਼ਬਰਦਸਤ ਤਿਆਰੀ ਦੌਰਾਨ ਪੰਜਾਬ ਸਰਕਾਰ ਨੇ ਵੀ ਪਟਿਆਲਾ ’ਤੇ ਫੋਕਸ ਕਰ ਲਿਆ ਹੈ।

ਕੈਪਟਨ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦੇ ਨਜ਼ਦੀਕੀ ਚੇਅਰਮੈਨਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਦੀ ਛੁੱਟੀ ਕਰਨ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ। ਸਭ ਤੋਂ ਪਹਿਲਾਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਹੋਰ ਕਈ ਚੇਅਰਮੈਨ ਅਤੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਸਰਕਾਰ ਦੀ ਰਡਾਰ ’ਤੇ ਹਨ।


ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਪਟਿਆਲਾ ਦੀ ਕਮਾਂਡ ਸੰਭਾਲੀ ਹੋਈ ਹੈ ਅਤੇ ਦਿਨ ਭਰ ਕਾਂਗਰਸੀ ਕੌਂਸਲਰਾਂ, ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਕੈਪਟਨ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਅਤੇ ਉਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਬੀਬਾ ਜੈਇੰਦਰ ਕੌਰ ਤੁਰੰਤ ਦਿੱਲੀ ਤੋਂ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਪਟਿਆਲਾ ਸ਼ਹਿਰ ਦੇ ਸਮੁੱਚੇ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ। ਇਸ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਸਬੰਧਤ ਵਾਰਡ ਦੇ ਕੌਂਸਲਰ ਅਤੇ ਮੁੱਖ ਕਾਂਗਰਸੀ ਆਗੂਆਂ ਨੂੰ ਨਾਲ ਰੱਖਿਆ ਗਿਆ।

ਕਈ ਦਿਨ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਐੱਸ. ਈ. ਸ਼ਾਮ ਲਾਲ ਗੁਪਤਾ ਅਤੇ ਹੋਰ ਅਧਿਕਾਰੀ ਵੀ ਬੀਬਾ ਜੈਇੰਦਰ ਕੌਰ ਨਾਲ ਜਾਂਦੇ ਰਹੇ। ਇਥੋਂ ਤੱਕ ਕਿ ਇਕ ਸਰਕਾਰੀ ਸਕੂਲ ਦਾ ਉਦਘਾਟਨ ਵੀ ਬੀਬਾ ਜੈਇੰਦਰ ਕੌਰ ਨੇ ਕੀਤਾ।