ਨਵੀਂ ਦਿੱਲੀ (ਦੇਵ ਇੰਦਰਜੀਤ) :ਸਰਕਾਰ ਲਈ ਸੋਮਵਾਰ ਦਾ ਦਿਨ ਕਾਫੀ ਅਹਿਮ ਹੈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਅੱਜ ਹੋਵੇਗੀ ਮੀਟਿੰਗ । ਸਮਝੌਤਾ ਵਾਰਤਾ ਦਾ ਇਹ ਸੱਤਵਾਂ ਦੌਰ ਹੋਵੇਗਾ, ਜਿਸ ਵਿਚ ਦੋਵੇਂ ਧਿਰਾਂ ਸਰਬਸੰਮਤੀ ਨਾਲ ਹੱਲ ਤਕ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ। ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਉਮੀਦ ਪ੍ਰਗਟਾਈ ਕਿ ਤਜਵੀਜ਼ਸ਼ੁਦਾ ਗੱਲਬਾਤ ਵਿੱਚੋਂ ਹੱਲ ਨਿਕਲ ਸਕਦਾ ਹੈ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਸਕਦਾ ਹੈ।
ਉਨ੍ਹਾਂ ਨੇ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ’ਤੇ ਕਿਸਾਨਾਂ ਨੂੰ ਭੜਕਾਉਣ ਦਾ ਵੀ ਦੋਸ਼ ਲਾਇਆ। ਖੇਤੀ ਮੰਤਰਾਲੇ ਵਿਚ ਛੁੱਟੀ ਦੇ ਬਾਵਜੂਦ ਐਤਵਾਰ ਨੂੰ ਉੱਚ ਪੱਧਰੀ ਮੀਟਿੰਗ ਹੋਈ। ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਘਰ ਚਰਚਾ ਕੀਤੀ। ਦਿਨ ਭਰ ਰੁਕ-ਰੁਕ ਕੇ ਹੋਈ ਬਾਰਿਸ਼ ਦੇ ਕਾਰਨ ਕਿਸਾਨ ਕਿਸਾਨ ਜਥੇਬੰਦੀਆਂ ਵਿਚ ਕੋਈ ਰਸਮੀ ਮੀਟਿੰਗ ਨਹੀਂ ਹੋ ਸਕੀ। ਸ਼ਨਿਚਰਵਾਰ ਰਾਤ ਤੋਂ ਹੀ ਹੋ ਰਹੀ ਬਾਰਿਸ਼ ਅਤੇ ਕੜਾਕੇ ਦੀ ਠੰਢ ਨੇ ਦਿੱਲੀ ਦੀਆਂ ਹੱਦਾਂ ’ਤੇ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਸਰਕਾਰ ਦੇ ਨਾਲ ਸੋਮਵਾਰ ਨੂੰ ਪਹਿਲਾਂ ਨਿਰਧਾਰਤ ਮੀਟਿੰਗ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਨੇ ਦਬਾਅ ਦੀ ਰਣਨੀਤੀ ਅਪਣਾਈ ਹੈ। ਇਸਦੇ ਤਹਿਤ ਆਗਾਮੀ ਅੰਦੋਲਨ ਦੀ ਰੂਪਰੇਖਾ ਇਕ ਵਾਰ ਫਿਰ ਐਲਾਨ ਦਿੱਤੀ ਗਈ ਹੈ। ਮੋਰਚਾ ਆਪਣੀ ਅਗਲੀ ਰਣਨੀਤੀ ਦੇ ਤਹਿਤ ਛੇ ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਕੱਢੇਗਾ, ਜਦਕਿ 15 ਜਨਵਰੀ ਤਕ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਸਾਰੇ ਰਾਜਾਂ ਵਿਚ ਰਾਜਪਾਲ ਭਵਨ ਤਕ ਮਾਰਚ ਕੀਤਾ ਜਾਵੇਗਾ।