by vikramsehajpal
ਚੰਡੀਗੜ੍ਹ (ਦੇਵ ਇੰਦਰਜੀਤ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੋਂ 'ਕਾਂਗਰਸ' ਸ਼ਬਦ ਹਟਾ ਦਿੱਤਾ ਗਿਆ ਹੈ। ਕੈਪਟਨ ਨੇ ਟਵਿੱਟਰ 'ਤੇ ਖ਼ੁਦ ਨੂੰ ਸਾਬਕਾ ਫ਼ੌਜੀ ਅਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਦੱਸਦੇ ਹੋਏ ਲਿਖਿਆ ਹੈ ਕਿ ਉਹ ਸੂਬੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਦੱਸਣਯੋਗ ਹੈ ਕਿ ਹਾਲ ਹੀ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਹੁਣ ਕਾਂਗਰਸ ਪਾਰਟੀ 'ਚ ਨਹੀਂ ਰਹਿਣਗੇ ਕਿਉਂਕਿ ਹੁਣ ਪਾਰਟੀ ਦਾ ਅਜਿਹਾ ਵਰਤਾਓ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਕੈਪਟਨ ਨੇ ਕਿਹਾ ਸੀ ਜੇਕਰ ਇੰਨੇ ਸਾਲ ਪਾਰਟੀ 'ਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਤਾਂ ਫਿਰ ਪਿੱਛੇ ਕੀ ਰਹਿ ਗਿਆ। ਕੈਪਟਨ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਹਾਈਕਮਾਨ ਨੂੰ ਉਨ੍ਹਾਂ 'ਤੇ ਭਰੋਸਾ ਹੀ ਨਹੀਂ ਰਿਹਾ ਤਾਂ ਫਿਰ ਉਨ੍ਹਾਂ ਨੂੰ ਕਾਂਗਰਸ 'ਚ ਰਹਿਣ ਦਾ ਕੋਈ ਫ਼ਾਇਦਾ ਨਹੀਂ ਹੈ।