ਓਂਟਾਰੀਓ ਡੈਸਕ (Vikram Sehajpal) : ਫੈਡਰਲ ਕਾਰਬਨ ਟੈਕਸ ਮਾਡਲ ਨੂੰ ਪ੍ਰਵਾਨ ਨਾ ਕਰਨ ਵਾਲੇ ਨਾਰਾਜ਼ ਸੂਬਿਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੀ ਹੈ ਕੈਨੇਡਾ ਸਰਕਾਰ, ਜਿਸ ਤਹਿਤ ਇਨਾਂ ਸੂਬਿਆਂ ਨੂੰ ਕਾਰਬਨ ਟੈਕਸ ਛੋਟ ਵਿੱਚ ਰਾਹਤ ਦਿੱਤੀ ਜਾਵੇਗੀ। ਫੈਡਰਲ ਸਰਕਾਰ ਨੇ ਇਨਾਂ ਸੂਬਿਆਂ ਵਿੱਚ ਅਲਬਰਟਾ ਨੂੰ ਵੀ ਸ਼ਾਮਲ ਕੀਤਾ ਹੈ, ਕਿਉਂਕਿ ਸੂਬੇ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਨੇ ਪਿਛਲੀ ਸਰਕਾਰ ਦੇ ਕੰਜ਼ਿਊਮਰ ਕਾਰਬਨ ਟੈਕਸ ਨੂੰ ਰੱਦ ਕਰ ਦਿੱਤਾ ਸੀ।
ਕਾਰਬਨ ਟੈਕਸ ਵਿੱਚ ਸਭ ਤੋਂ ਵੱਡੀ ਛੋਟ ਸਸਕੈਚੇਵਨ ਨੂੰ ਮਿਲੇਗੀ, ਜਿੱਥੇ ਫੈਡਰਲ ਵਿੱਤੀ ਵਿਭਾਗ ਨੇ ਕਿਹਾ ਹੈ ਕਿ ਇੱਥੇ ਚਾਰ ਜੀਆਂ ਵਾਲੇ ਇੱਕ ਪਰਿਵਾਰ ਨੂੰ 2020 ਵਿੱਚ ਕੁੱਲ 809 ਡਾਲਰ ਦਾ ਭੁਗਤਾਨ ਕਰਨਾ ਪਏਗਾ, ਜਿਹੜਾ ਕਿ ਪਿਛਲੇ ਸਾਲ 903 ਡਾਲਰ ਸੀ। ਓਂਟਾਰੀਓ ਵਿੱਚ ਚਾਰ ਜੀਆਂ ਦੇ ਇੱਕ ਪਰਿਵਾਰ ਲਈ ਇਹ ਰਾਸ਼ੀ 451 ਤੋਂ ਘਟਾ ਕੇ 448 ਕਰ ਦਿੱਤੀ ਗਈ ਹੈ, ਜਦਕਿ ਮੈਨੀਟੋਬਾ ਵਿੱਚ 499 ਤੋਂ ਘਟਾ ਕੇ 486 ਕੀਤੀ ਗਈ ਹੈ। ਅਲਬਰਟਾ ਵਿੱਚ 4 ਜੀਆਂ ਦੇ ਇੱਕ ਟੱਬਰ ਨੂੰ 2020 ਵਿੱਚ 888 ਡਾਲਰ ਦੀ ਅਦਾਇਗੀ ਕਰਨੀ ਪਏਗੀ।