ਵੈੱਬ ਡੈਸਕ (ਰਾਘਵ) - ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਤਪਾ ਦੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ ਸ਼ਹਿਣਾ ਪੁਲਸ ਨੂੰ ਇਕ ਸੂਚਨਾ ਮਿਲੀ ਸੀ ਕਿ ਢਿਲਵਾਂ ਅਤੇ ਮੋੜ ਦੇ ਵਿਚਕਾਰ ਸੜਕ ਕਿਨਾਰੇ ਇਕ ਨੌਜਵਾਨ ਦੀ ਲਾਸ਼ ਵੱਢੀ ਪਈ ਹੈ ਜਦ ਡੀ.ਐੱਸ.ਪੀ. ਤਪਾ ਮਾਨਵਜੀਤ ਸਿੰਘ ਸਿੱਧੂ ਅਤੇ ਐੱਸ.ਐੱਚ.ਓ ਸ਼ਹਿਣਾ ਜਗਸੀਰ ਸਿੰਘ ਦੀ ਅਗਵਾਈ ਘਟਨਾ ਥਾਂ 'ਤੇ ਪਹੁੰਚੀ ਤਾਂ ਲੋਕਾਂ ਤੋਂ ਪਤਾ ਲੱਗਾ ਕਿ ਇਹ ਲਾਸ਼ ਤਪਾ ਦੇ ਇਕ ਨੌਜਵਾਨ ਗੋਰਾ ਸਿੰਘ ਉਰਫ ਬੱਬੂ (28) ਪੁੱਤਰ ਗੁਰਮੀਤ ਸਿੰਘ ਵਾਸੀ ਆਜ਼ਾਦ ਨਗਰ ਦੀ ਹੈ।
ਮੌਕੇ 'ਤੇ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਦੀ ਪਹਿਚਾਣ ਕੀਤੀ। ਇਸ ਦੌਰਾਨ ਮ੍ਰਿਤਕ ਦੀ ਭੈਣ ਜਸਵੀਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਮੇਰਾ ਭਰਾ 7 ਸਾਲ ਤੋਂ ਪਿੰਡ ਢਿੱਲਵਾਂ ਦੀ ਯੂਨੀਵਰਸਿਟੀ ਨੇੜੇ ਇਮੀਗਰੇਸ਼ਨ ਅਤੇ ਮੋਬਾਇਲਾਂ ਦਾ ਕੰਮ ਕਰਦਾ ਸੀ। ਉਹ ਕਦੇ-ਕਦੇ ਤਪਾ ਨਹੀਂ ਸੀ ਆਉਂਦਾ ਉਂਝ ਰੋਜ਼ਾਨਾ ਘਰ ਆਉਂਦਾ ਸੀ। ਰਾਤ ਸਮੇਂ ਉਹ ਘਰ ਨਹੀਂ ਸੀ ਆਇਆ। ਮ੍ਰਿਤਕ ਅਜੇ ਕੁਆਰਾ ਹੀ ਸੀ। ਇਸ ਦੌਰਾਨ ਨਾਲ ਗਏ ਵਿਅਕਤੀਆਂ ਨੇ ਦੇਖਿਆ ਕਿ ਕਾਰ ਵਾਰਦਾਤ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਇਕ ਕੱਚੇ ਰਾਸਤੇ 'ਚ ਖੜ੍ਹੀ ਸੀ।
ਕਾਰ ਦੇ ਬੌਨੇਟ 'ਤੇ ਭੁਜੀਏ ਦਾ ਲਿਫਾਫਾ ਪਿਆ ਸੀ ਅਤੇ ਮੋਬਾਇਲ ਵੀ ਕਾਰ 'ਚ ਪਿਆ ਸੀ ਅਤੇ ਲਾਸ਼ ਕੋਲ ਇਕ ਦਾਤ ਵੀ ਮਿਲਿਆਂ ਜਿਸ ਨਾਲ ਨੌਜਵਾਨ ਦਾ ਕਤਲ ਕੀਤਾ ਹੈ। ਮੌਕੇ 'ਤੇ ਖੜ੍ਹੇ ਲੋਕਾਂ ਅਨੁਸਾਰ ਲੱਗਦਾ ਹੈ ਪਹਿਲਾਂ ਗੋਰਾ ਸਿੰਘ ਉਰਫ ਬੱਬੂ ਨੇ ਦੋਸਤਾਂ ਨਾਲ ਸ਼ਰਾਬ ਵਗੈਰਾ ਪੀਤੀ ਲੱਗਦੀ ਸੀ ਤਾਂ ਕਿਸੇ ਗੱਲ ਤੋਂ ਆਪਸ 'ਚ ਤਕਰਾਰ ਹੋਣ 'ਤੇ ਦੋਸਤਾਂ ਨੇ ਦਾਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੱਬੂ ਭੱਜ ਨਿਕਲਿਆ, ਪਿੱਛੇ ਆ ਰਹੇ ਹਮਲਾਵਰ ਉਸ ਨੂੰ ਮੁੱਖ ਮਾਰਗ 'ਤੇ ਵੱਢ ਕੇ ਫਰਾਰ ਹੋ ਗਏ। ਇਸ ਕਤਲ ਸੰਬੰਧੀ ਜਦੋਂ ਐੱਸ.ਐੱਚ.ਓ ਸ਼ਹਿਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ।