ਸਪੋਰਟਸ ਡੈਸਕ : ਆਈਪੀਐਲ ਦਾ ਆਗਾਜ਼ 23 ਮਾਰਚ ਤੋਂ ਚੇਨਈ ਦੇ ਮੈਦਾਨ ਵਿੱਚ ਰਾਇਲ ਚੈਲੇਂਜਰ ਬੈਂਗਲੌਰ ਅਤੇ ਚੇਨਈ ਸੁਪਰ ਕਿੰਗ ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੈਚ ਤੋਂ ਹੋ ਰਿਹਾ ਹੈ। ਇਸ ਲਈ ਸੱਟੇਬਾਜ਼ਾਂ ਨੇ ਵੀ ਆਪਣੀ ਕਮਰ ਕੱਸ ਲਈ ਹੈ ਅਤੇ ਸੱਟੇਬਾਜ਼ਾਂ ਨੇ ਮੈਚਾਂ ਤੋਂ ਪਹਿਲੇ ਹੀ ਆਪਣੇ ਗਾਹਕਾਂ ਨੂੰ ਟੀਮਾਂ ਦੇ ਰੇਟ ਭੇਜ ਕੇ ਤਿਆਰ ਰਹਿਣ ਲਈ ਕਹਿ ਦਿੱਤਾ ਹੈ। ਇਸ ਵਾਰ ਸੱਟੇਬਾਜ਼ਾਂ ਦੀ ਪਹਿਲੀ ਪਸੰਦ ਸਨਰਾਈਜ਼ ਹੈਦਰਾਬਾਦ ਦੱਸੀ ਜਾ ਰਹੀ ਹੈ ਜਿਸ ਦੇ ਲਈ ਕੱਪ ਦਾ ਰੇਟ 5.5 ਰੁਪਏ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਈ ਸਨਰਾਈਜ਼ਰ ਹੈਦਰਾਬਾਦ ਦੀ ਟੀਮ 'ਤੇ ਇੱਕ ਲੱਖ ਰੁਪਏ ਲਗਾਉਂਦਾ ਹੈ ਤਾਂ ਉਸ ਨੂੰ ਹੈਦਰਾਬਾਦ ਦੀ ਟੀਮ ਜਿੱਤਣ ਤੋਂ ਬਾਅਦ ਸਾਢੇ ਪੰਜ ਲੱਖ ਰੁਪਏ ਮਿਲਣਗੇ।
ਇਸ ਤੋਂ ਇਲਾਵਾ ਮੁੰਬਈ ਇੰਡੀਅਨ 'ਤੇ ਇੱਕ ਲੱਖ ਰੁਪਏ ਲਗਾਉਣ ਨਾਲ ਪਨਟਰਾ ਨੂੰ ਛੇ ਲੱਖ ਵੀਹ ਹਜ਼ਾਰ ਰੁਪਏ, ਚੇਨੱਈ ਸੁਪਰ ਕਿੰਗ 'ਤੇ ਇਕ ਲੱਖ ਰੁਪਏ ਲਗਾਉਣ 'ਤੇ ਛੇ ਲੱਖ ਅੱਸੀ ਹਜ਼ਾਰ ਰੁਪਏ, ਕੋਲਕਾਤਾ ਨਾਈਟ ਰਾਈਡਰਜ਼ 'ਤੇ ਇੱਕ ਲੱਖ ਰੁਪਏ ਲਗਾਉਣ 'ਤੇ ਸੱਤ ਲੱਖ ਸੱਠ ਹਜ਼ਾਰ ਰੁਪਏ, ਰਾਇਲ ਚੈਲੇਂਜਰ ਬੰਗਲੌਰ 'ਤੇ ਇਕ ਲੱਖ ਰੁਪਿਆ ਲਾਉਣ 'ਤੇ ਸੱਤ ਲੱਖ ਅੱਸੀ ਹਜ਼ਾਰ ਰੁਪਏ, ਦਿੱਲੀ ਕੈਪੀਟਲ ਦੀ ਟੀਮ 'ਤੇ ਇਕ ਲੱਖ ਰੁਪਏ ਲਗਾਉਣ 'ਤੇ ਅੱਠ ਲੱਖ ਵੀਹ ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਸੱਟੇਬਾਜ਼ਾਂ ਵੱਲੋਂ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਨੂੰ ਫਾਡੀ ਦੱਸਦੇ ਹੋਏ ਉਨ੍ਹਾਂ ਦਾ ਬਹੁਤ ਜ਼ਿਆਦਾ ਰੇਟ ਲਗਾਇਆ ਗਿਆ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਜਿੱਤਣ 'ਤੇ ਪਨਟਰਾਂ ਨੂੰ ਇਕ ਲੱਖ ਦੀ ਜਗ੍ਹਾ ਸਾਢੇ ਬਾਰਾਂ ਲੱਖ ਰੁਪਿਆ ਮਿਲੇਗਾ।
ਸੱਟੇਬਾਜ਼ਾਂ ਨੂੰ ਜਿਸ ਟੀਮ 'ਤੇ ਜ਼ਿਆਦਾ ਭਰੋਸਾ ਹੁੰਦਾ ਹੈ ਉਸ ਟੀਮ ਦਾ ਉਹ ਰੇਟ ਘੱਟ ਰੱਖਦੇ ਹਨ ਅਤੇ ਜਿਹੜੀਆਂ ਟੀਮਾਂ ਉਨ੍ਹਾਂ ਨੂੰ ਲੱਗਦੀਆਂ ਹਨ ਕਿ ਇਸ ਵਾਰ ਵੀ ਕੁਝ ਖਾਸ ਨਹੀਂ ਕਰਨਗੀਆਂ ਉਨ੍ਹਾਂ ਦਾ ਰੇਟ ਵਧਾ ਕੇ ਪਨਟਰਾਂ ਨੂੰ ਲਾਲਚ ਦਿੱਤਾ ਜਾਂਦਾ ਹੈ। ਕਈ ਪਨਟਰ ਜ਼ਿਆਦਾ ਰੇਟ ਦੇਖ ਕੇ ਮੋਟਾ ਰੁਪਿਆ ਲਗਾ ਦਿੰਦੇ ਹਨ ਅਤੇ ਜਦੋਂ ਫਾਈਨਲ ਮੈਚ ਤਕ ਪਹੁੰਚਦੇ ਹਨ ਤਾਂ ਉਹ ਆਪਣਾ ਲੱਖਾਂ ਰੁਪਿਆ ਗੁਆ ਚੁੱਕੇ ਹੁੰਦੇ ਹਨ। ਸੱਟੇਬਾਜ਼ਾਂ ਵੱਲੋਂ ਇਹੀ ਤਾਂ ਕੱਪ ਦੇ ਰੇਟ ਦੱਸੇ ਗਏ ਹਨ ਪਰ ਹਰੇਕ ਮੈਚ ਲਈ ਮੈਚ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸੱਟੇਬਾਜ਼ਾਂ ਦੀਆਂ ਲਾਈਨਾਂ ਸ਼ੁਰੂ ਹੋ ਜਾਂਦੀਆਂ ਹਨ।
ਉਹ ਆਪਣੇ ਗਾਹਕਾਂ ਨੂੰ ਮੋਬਾਈਲ ਰਾਹੀਂ ਮੈਸੇਜ ਭੇਜ ਕੇ ਮੈਚ ਸ਼ੁਰੂ ਹੋਣ ਦੀ ਸੂਚਨਾ ਪਹੁੰਚਾ ਦਿੰਦੇ ਹਨ ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਖੇਡ। ਇਸ ਤੋਂ ਇਲਾਵਾ ਪਨਟਰਾਂ ਨੂੰ ਲੁੱਟਣ ਲਈ ਸੱਟੇਬਾਜ਼ਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ ਪਰ ਅਖੀਰ ਵਿਚ ਜਿੱਤ ਸੱਟੇਬਾਜ਼ਾਂ ਦੀ ਹੀ ਹੋਣੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਹੀ ਜਦੋਂ ਆਈਪੀਐੱਲ ਖ਼ਤਮ ਹੋਵੇਗਾ ਤਾਂ ਕਈ ਅਮੀਰਜ਼ਾਦੇ ਵੀ ਕਰਜ਼ਾਈ ਹੋ ਚੁੱਕੇ ਹੋਣਗੇ। ਇਸ ਵਾਰ ਆਈਪੀਐੱਲ ਲੋਕ ਸਭਾ ਚੋਣਾਂ ਕਾਰਨ ਦੋ ਹਿੱਸਿਆਂ ਵਿਚ ਕਰਵਾਇਆ ਜਾ ਗਿਆ ਹੈ ਜਿਸ ਦਾ ਪਹਿਲਾ ਹਿੱਸਾ 23 ਮਾਰਚ ਤੋਂ 5 ਅਪ੍ਰੈਲ ਤਕ ਅਤੇ ਦੂਜਾ ਹਿੱਸਾ 12 ਅਪ੍ਰੈਲ ਤੋਂ 5 ਮਈ ਤਕ ਹੋਵੇਗਾ।