ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਕਿਸੇ ਇਕ ਵਿਅਕਤੀ ਦੀ ਨਹੀਂ ਹੈ। ਨਾ ਰਾਜਾ ਵੜਿੰਗ ਦਾ ਕੋਈ ਧੜਾ ਹੈ ਤੇ ਨਾ ਹੋਵੇਗਾ। ਸਭ ਦੇ ਵਿਚਾਰਾਂ ਨਾਲ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ।
ਸੁਨੀਲ ਜਾਖੜ ’ਤੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਾਖੜ ਸਾਡੇ ਸਤਿਕਾਰਯੋਗ ਹਨ ਤੇ ਉਨ੍ਹਾਂ ਨੂੰ ਨੋਟਿਸ ਦੇਣ ਦਾ ਫ਼ੈਸਲਾ ਅਨੁਸ਼ਾਸਨੀ ਕਮੇਟੀ ਦਾ ਹੈ। ਹਾਈਕਮਾਨ ਦੇ ਫੈਸਲੇ ’ਤੇ ਉਹ ਕੁੱਝ ਨਹੀਂ ਬੋਲ ਸਕਦੇ।
ਆਮ ਆਦਮੀ ਪਾਰਟੀ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਰੂਪ 'ਚ ‘ਆਪ’ ਨੂੰ ਵੋਟਾਂ ਪਾਈਆਂ ਸਨ ਅਤੇ ਲੋਕਾਂ ਨੂੰ ਭਗਵੰਤ ਮਾਨ ਤੋਂ ਵੱਡੀਆਂ ਉਮੀਦਾਂ ਹਨ। ਜਨਤਾ ਦੀ ਆਸ ਹੈ ਕਿ ਜੋ ਕੋਈ ਨਹੀਂ ਕਰ ਸਕਿਆ ਉਹ ਭਗਵੰਤ ਮਾਨ ਕਰਕੇ ਦਿਖਾਉਣਗੇ ਪਰ ਜਿਸ ਤਰ੍ਹਾਂ ਇਕ ਮਹੀਨੇ ਦੇ ਅੰਦਰ ਹੀ ਸਰਕਾਰ ਦੀਆਂ ਜੋ ਕਾਰਵਾਈਆਂ ਸਾਹਮਣੇ ਆਈਆਂ ਹਨ, ਉਹ ਬਹੁਤੀਆਂ ਚੰਗੀਆਂ ਨਹੀਂ ਹਨ।