ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੂੰ ਸਵੇਰੇ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਰੱਖਵਾ ਦਿੱਤਾ । ਦੱਸਿਆ ਜਾ ਰਿਹਾ ਕੁੜੀ ਦੀ ਉਮਰ 24 ਸਾਲ ਹੈ ਤੇ ਮ੍ਰਿਤਕਾ ਨੇ ਕਾਲੇ ਰੰਗ ਦੀ ਪੈਂਟ ਤੇ ਖਾਕੀ ਰੰਗ ਦੀ ਟੀਸ਼ਰਤ ਪਾਈ ਹੋਈ ਹੈ। ਕੁੜੀ ਦੀ ਲਾਸ਼ ਕਰੀਬ 6 ਦਿਨ ਪੁਰਾਣੀ ਦੱਸੀ ਜਾ ਰਹੀ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੀ ਲਾਸ਼ ਪੂਰੀ ਤਰਾਂ ਗਲ -ਸੜ ਚੁੱਕੀ ਹੈ। ਮ੍ਰਿਤਕਾ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਪਿੰਕੀ ਦੇ ਰੂਪ 'ਚ ਹੋਈ ਹੈ।
ਮ੍ਰਿਤਕਾ ਦੇ ਚਚੇਰੇ ਭਰਾ ਨੇ ਉਸ ਦੀ ਪਛਾਣ ਕੀਤੀ ਹੈ। ਮ੍ਰਿਤਕਾ ਦੇ ਭਰਾ ਮਨਜੀਤ ਨੇ ਦੱਸਿਆ ਕਿ ਉਸ ਦੀ ਭੈਣ ਸ੍ਰੀ ਮੁਕਤਸਰ ਸਾਹਿਬ ਦੇ ਬਰਾੜ ਹੁੰਡਈ ਵਿੱਚ ਨੌਕਰੀ ਕਰਦੀ ਸੀ ਤੇ ਪਿਛਲੇ ਦਿਨੀਂ ਉਸ ਨੂੰ ਉਨ੍ਹਾਂ ਦੇ ਸ਼ਹਿਰ ਦਾ ਪ੍ਰਿੰਸ ਕੁਮਾਰ ਤੇ ਉਸ ਦੀ ਭੈਣ ਆਪਣੇ ਨਾਲ ਲੈ ਗਿਆ ਤੇ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ ਤਾਂ ਉਨ੍ਹਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ । ਪੁਲਿਸ ਨੇ ਉਕਤ ਪ੍ਰਿੰਸ ਕੁਮਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ 'ਚ ਪ੍ਰਿੰਸ ਨੇ ਪੁਲਿਸ ਨੂੰ ਦੱਸਿਆ ਕਿ ਕੁੜੀ ਉਸ ਦੇ ਨਾਲ ਗਈ ਸੀ ਪਰ ਅਗਲੇ ਦਿਨ ਜਦ ਉਹ ਨਹਿਰ ਕੋਲੋਂ ਜਾ ਰਹੇ ਸੀ ਤਾਂ ਕੁੜੀ ਨੇ ਨਹਿਰ 'ਚ ਛਾਲ ਮਾਰ ਦਿੱਤੀ। ਉਸ ਨੇ ਕੁੜੀ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਿਹਾ ।