ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 'ਚ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਕੇਸ ਦਰਜ ਹੋਇਆ ਹੈ। ਐਡਵੋਕੇਟ ਸੁਨੀਲ ਮੱਲਣ ਨੇ ਜ਼ਿਲ੍ਹਾ ਅਦਾਲਤ 'ਚ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਡਵੋਕੇਟ ਮੱਲਣ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ "ਸੰਜੂ" 'ਚ ਵਕੀਲਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਜਾਣਬੁੱਝ ਕੇ ਗਲਤ ਇਰਾਦੇ ਨਾਲ ਇਸ ਗੀਤ ਨੂੰ ਰਿਲੀਜ਼ ਕੀਤਾ ਹੈ।
ਐਡਵੋਕੇਟ ਮੱਲਣ ਨੇ ਕਿਹਾ ਕਿ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਹਿੰਸਾ ਤੇ ਦੰਗਿਆਂ ਵੱਲ ਉਤਸ਼ਾਹਿਤ ਕਰਦਾ ਹੈ। ਮੂਸੇਵਾਲਾ ਖਿਲਾਫ ਐਕਟ ਆਈਪੀਸੀ, ਆਰਮਜ਼ ਐਕਟ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਹੋਇਆ ਹੈ, ਜਿਸ ਵਿਚ ਦੇਸ਼ ਵਿਰੁੱਧ ਕਾਰਵਾਈਆਂ, ਅਪਰਾਧਿਕ ਸਾਜ਼ਿਸ਼, ਸਾਂਝੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਕਸ ਨੂੰ ਠੇਸ ਪਹੁੰਚਾਉਣਾ, ਡਰਾਉਣਾ ਆਦਿ ਸ਼ਾਮਲ ਹਨ।