ਇਰਾਦਾ ਕਤਲ ਮਾਮਲੇ ’ਚ ਨਾਮਜ਼ਦ ਸਾਬਕਾ ਕਾਂਗਰਸੀ ਵਿਧਾਇਕ ਜ਼ੀਰਾ ਦੀ ਜ਼ਮਾਨਤ ਅਰਜ਼ੀ ਖ਼ਾਰਜ

by vikramsehajpal

ਫਿਰੋਜ਼ਪੁਰ (ਰਾਘਵ) : ਇਰਾਦਾ ਕਤਲ ਮਾਮਲੇ ’ਚ ਨਾਮਜ਼ਦ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰੋਜ਼ਪੁਰ ਸੈਸ਼ਨ ਕੋਰਟ ਨੇ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੁਲਬੀਰ ਸਿੰਘ ਜ਼ੀਰਾ ਸਮੇਤ 9 ਵਿਅਕਤੀਆਂ ਵਿਰੁੱਧ ਜ਼ੀਰਾ ਪੁਲਿਸ ਵਲੋਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਥਾਣਾ ਸਦਰ ’ਚ ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜੀਰਾ ’ਤੇ 307, ਹੱਤਿਆ ਦੀ ਕੌਸ਼ਿਸ਼ ਅਤੇ ਆਰਮਜ ਐਕਟ ਸਹਿਤ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਹੈ। ਬੀਤੇ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਣੇ ਕੁਝ ਲੋਕਾਂ ਦੇ ਖ਼ਿਲਾਫ਼ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਕਬਜ਼ੇ ਦੌਰਾਨ ਦੋ ਧਿਰਾਂ ’ਚ ਚੱਲੀ ਗੋਲ਼ੀਬਾਰੀ ਦੌਰਾਨ ਦੋ ਲੋਕਾਂ ਨੂੰ ਗੋਲ਼ੀ ਲੱਗੀ ਸੀ। ਇਸ ਮਾਮਲੇ ’ਚ ਹੁਣ ਕੁਲਬੀਰ ਸਿੰਘ ਜੀਰਾ ਨੂੰ ਵੀ ਪੁਲਿਸ ਨੇ ਨਾਮਜ਼ਦ ਕੀਤਾ ਸੀ।

ਅਦਾਲਤ ਨੇ ਸ਼ੁਕਰਵਾਰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਰਿੰਦਰ ਅਗਰਵਾਲ ਸੈਸ਼ਨ ਜੱਜ ਨੇ ਕੁਲਬੀਰ ਸਿੰਘ ਜ਼ੀਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਪੀੜਤ ਪੱਖ ਵੱਲੋਂ ਪੇਸ਼ ਹੋਏ ਵਕੀਲ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਿਸ ਦੌਰਾਨ ਇਹ ਵਾਰਦਾਤ ਹੋਈ ਕੁਲਬੀਰ ਸਿੰਘ ਜੀਰਾ ਫੋਨ ’ਤੇ ਪੂਰੀ ਕਮਾਂਡ ਦੇ ਰਿਹਾ ਸੀ। ਪੀੜਤ ਪੱਖ ਨੇ ਕੁਲਬੀਰ ਸਿੰਘ ਜੀਰਾ ਦੀਆਂ ਫੋਨ ਕਾਲ ਡਿਟੇਲ ਵੀ ਪੇਸ਼ ਕੀਤੀਆਂ। ਤੱਥਾਂ ਦੇ ਅਧਾਰ ’ਤੇ ਅਦਾਲਤ ਨੇ ਕੁਲਬੀਰ ਜੀਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਅਤੇ ਕਿਸੇ ਵੇਲੇ ਵੀ ਪੁਲਿਸ ਕੁਲਬੀਰ ਸਿੰਘ ਜੀਰਾ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।