ਪ੍ਰਸ਼ਾਸਨ ਲੋਕ ਸਭਾ ਚੋਣਾਂ ’ਚ ਰੁਝਿਆ ਰਿਹਾ, ਲੋਕ ਲਾਉਂਦੇ ਰਹੇ ਕਣਕ ਦੇ ਨਾੜ ਨੂੰ ਅੱਗ

by nripost

ਜਲੰਧਰ:(ਹਰਮੀਤ)-ਇਸ ਸਾਲ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਏ ਜਾਣ ਦੇ ਮਾਮਲੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਸਾਹਮਣੇ ਆਏ ਹਨ। ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1 ਅਪ੍ਰੈਲ ਤੋਂ ਲੈ ਕੇ 31 ਮਈ ਤਕ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ 11900 ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੁਕਾਬਲੇ ਇਸੇ ਹੀ ਸਮੇਂ ਦੌਰਾਨ 2022 ’ਚ 14511 ਮਾਮਲੇ ਤੇ 2023 ’ਚ 11353 ਮਾਮਲੇ ਸਾਹਮਣੇ ਆਏ ਸਨ। ਕਣਕ ਦਾ ਨਾੜ ਖੇਤਾਂ ’ਚ ਸਾੜੇ ਜਾਣ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੋਈ ਹੈ, ਉਥੇ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪੁੱਜਣ ਤੋਂ ਇਲਾਵਾ ਕਿਸਾਨਾਂ ਦੇ ਮਿੱਤਰ ਕੀੜੇ, ਖੇਤਾਂ ਕੰਢੇ ਲੱਗੇ ਹਰੇ-ਭਰੇ ਦਰੱਖ਼ਤ ਤੇ ਪਰਿੰਦੇ ਵੀ ਅੱਗ ਦੀ ਭੇਟ ਚੜ੍ਹੇ ਹਨ।

ਇਸ ਸਾਲ ਨਾੜ ਸਾੜਨ ਦੇ ਮਾਮਲਿਆਂ ’ਚ ਵਾਧੇ ਦਾ ਕਾਰਨ ਲੋਕ ਸਭਾ ਚੋਣਾਂ ਵੀ ਹਨ ਕਿਉਂਕਿ ਖੇਤੀਬਾੜੀ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੋਣ ਡਿਊਟੀਆ ’ਚ ਰੁਝੇ ਹੋਏ ਸਨ ਅਤੇ ਉਹ ਅੱਗ ਦੀਆਂ ਘਟਨਾਵਾਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਤੁਰੰਤ ਕਾਰਵਾਈ ਕਰਨ ਲਈ ਸਮਾਂ ਨਹੀਂ ਕੱਢ ਸਕੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਕਾਰਨ ਇਨ੍ਹਾਂ ਮਾਮਲਿਆ ਦੀ ਹਾਲੇ ਤਕ ਐਕਸ਼ਨ ਟੇਕਨ ਰਿਪੋਰਟ (ਏਟੀਆਰ) ਤਿਆਰ ਨਹੀਂ ਹੋ ਸਕੀ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਦੇ ਚੀਫ ਇੰਜੀਨੀਅਰ ਡਾ. ਕਰੁਨੇਸ਼ ਗਰਗ ਦਾ ਕਹਿਣਾ ਹੈ ਕਿ ਅੱਗ ਦੀਆ ਘਟਨਾਵਾਂ ਦਾ ਗਰਮੀਆਂ ਦੌਰਾਨ ਸਰਦੀਆਂ ਦੇ ਮੁਕਾਬਲੇ ਘੱਟ ਅਸਰ ਹੁੰਦਾ ਹੈ।