ਲੁਧਿਆਣਾ (ਰਾਘਵ): ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੌਜਵਾਨ ਅਤੇ ਪੁਲਿਸ ਵਿਚਕਾਰ ਮੁਕਾਬਲੇ ਦੀ ਖ਼ਬਰ ਮਿਲੀ ਹੈ। ਇਸ ਮੁਕਾਬਲੇ ਦੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਦੀ ਟੀਮ ਪਿੰਡ ਧਨਾਨਸੂ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ।
ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਟੀਮ ਸਾਈਕਲ ਵੈਲੀ ਦੇ ਕੋਲ ਪਹੁੰਚੀ ਤਾਂ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ। ਸ਼ੱਕੀ ਵਿਅਕਤੀ ਦੀ ਪਛਾਣ ਪਿੰਡ ਹੈਦਰ ਕੂਮਕਲਾਂ ਦੇ ਰਹਿਣ ਵਾਲੇ ਗੁਲਾਬ ਸਿੰਘ ਵੱਜੋਂ ਹੋਈ । ਇਸੇ ਦੌਰਾਨ ਮੌਕਾ ਮਿਲਦੇ ਹੀ ਮੁਲਜਮ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ । ਆਪਣੇ ਬਚਾਅ ਲਈ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਰਾਉਂਡ ਫਾਇਰ ਕੀਤੇ । ਮੁਕਾਬਲੇ ਦੌਰਾਨ ਗੁਲਾਬ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਐਫਐਸਐਲ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ। ਟੀਮ ਨੂੰ ਮੌਕੇ ਤੋਂ ਇੱਕ 32 ਬੋਰ ਦਾ ਨਜਾਇਜ਼ ਪਿਸਤੌਲ , ਦੋ ਖਾਲੀ ਕਾਰਤੂਸ ਇੱਕ ਮੋਟਰਸਾਈਕਲ ਮਿਲਿਆ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਗੁਲਾਬ ਦਾ ਅਪਰਾਧਿਕ ਪਿਛੋਕੜ ਹੈ । ਉਸਦੇ ਖਿਲਾਫ ਲੁਧਿਆਣਾ ਵਿੱਚ ਚਾਰ ਮੁਕਦਮੇ ਦਰਜ ਹਨ । ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਮੁਲਜਮ ਨੇ ਸ਼ਾਹਕੋਟ ਦੇ ਇੱਕ ਵਿਅਕਤੀ ਨੂੰ ਅਗਵਾ ਵੀ ਕੀਤਾ ਸੀ । ਉਸ ਮਾਮਲੇ ਵਿੱਚ ਪੁਲਿਸ ਮੁਲਜਮ ਦੀ ਤਲਾਸ਼ ਕਰ ਰਹੀ ਸੀ ।