ਵੇਲਜ਼ (ਜਸਪ੍ਰੀਤ) : ਬ੍ਰਿਟੇਨ ਦੇ ਵੇਲਜ਼ ਦੇ ਲਲੈਨਬ੍ਰੀਨਮੇਰ 'ਚ ਸੋਮਵਾਰ ਨੂੰ ਉਸ ਸਮੇਂ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇਕ ਹੀ ਟ੍ਰੈਕ 'ਤੇ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਸਵਾਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਘਟਨਾ ਤੋਂ ਬਾਅਦ ਡਰਾਈਵਰ ਬੇਹੋਸ਼ ਹੋ ਗਿਆ ਅਤੇ ਇਕ ਯਾਤਰੀ ਨੂੰ ਦਿਲ ਦਾ ਦੌਰਾ ਪਿਆ, ਜਦਕਿ ਤਿੰਨ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਅਤੇ ਏਅਰ ਐਂਬੂਲੈਂਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਹਾਦਸਾ ਭਾਰਤੀ ਸਮੇਂ ਅਨੁਸਾਰ ਸੋਮਵਾਰ ਸ਼ਾਮ ਕਰੀਬ 7:30 ਵਜੇ ਵਾਪਰਿਆ। ਸ਼੍ਰੇਅਸਬਰੀ ਤੋਂ ਅਬੇਰੀਸਟਵਿਥ ਜਾਣ ਵਾਲੀ ਰੇਲਗੱਡੀ ਅਤੇ ਮਾਚਿਨਲੇਥ ਤੋਂ ਸ਼੍ਰੇਅਸਬਰੀ ਨੂੰ ਆ ਰਹੀ ਇੱਕ ਰੇਲਗੱਡੀ ਅਚਾਨਕ ਇੱਕੋ ਟ੍ਰੈਕ 'ਤੇ ਆਹਮੋ-ਸਾਹਮਣੇ ਹੋ ਗਈ। ਜ਼ਬਰਦਸਤ ਟੱਕਰ ਤੋਂ ਬਾਅਦ ਡਰਾਈਵਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਇਕ ਯਾਤਰੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਹੈ।
ਪੁਲਸ ਅਤੇ ਐਂਬੂਲੈਂਸ ਦੇ ਨਾਲ-ਨਾਲ ਇਕ ਏਅਰ ਐਂਬੂਲੈਂਸ ਵੀ ਮੌਕੇ 'ਤੇ ਭੇਜੀ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਤੁਰੰਤ ਇਲਾਜ ਲਈ ਭੇਜ ਦਿੱਤਾ ਗਿਆ। ਟੱਕਰ ਕਾਰਨ ਟਰੇਨ ਦੇ ਡੱਬੇ ਲਾਕ ਹੋ ਗਏ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਗਏ। ਹੈਲੀਕਾਪਟਰ ਦੀ ਮਦਦ ਨਾਲ ਜ਼ਖਮੀਆਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਦੁਰਘਟਨਾ ਕਾਰਨ ਐਬੇਰੀਸਟਵਿਥ ਅਤੇ ਸ਼੍ਰੇਅਸਬਰੀ ਵਿਚਕਾਰ ਰੇਲ ਗੱਡੀਆਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ। ਰੇਲਵੇ ਇੰਜੀਨੀਅਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਲਸ਼ ਅਧਿਕਾਰੀਆਂ ਨੇ ਹਾਦਸੇ ਦੀ ਵਿਸਤ੍ਰਿਤ ਜਾਂਚ ਰਿਪੋਰਟ ਦੀ ਮੰਗ ਕੀਤੀ ਹੈ ਅਤੇ ਨੁਕਸਾਨੇ ਗਏ ਟ੍ਰੈਕ ਅਤੇ ਰੇਲਗੱਡੀਆਂ ਦੀ ਮੁਰੰਮਤ ਲਈ ਕੰਮ ਚੱਲ ਰਿਹਾ ਹੈ। ਕੈਂਬਰੀਅਨ ਲਾਈਨ ’ਤੇ ਵਾਪਰੇ ਇਸ ਹਾਦਸੇ ਕਾਰਨ ਯਾਤਰੀਆਂ ਨੂੰ ਤੁਰੰਤ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਰੇਲ ਸੇਵਾ ਦੀ ਬਜਾਏ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਮੁਰੰਮਤ ਦਾ ਕੰਮ ਜਲਦੀ ਹੀ ਪੂਰਾ ਹੋਣ ਦੀ ਉਮੀਦ ਹੈ।