ਪੱਤਰ ਪ੍ਰੇਰਕ : ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਮਹਿਤਾ ਤੇ ਨੇੜਲੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਦੇ ਉੱਤੇ ਇੱਕ ਅਣਪਛਾਤੇ ਵਾਹਨ ਅਤੇ ਮੋਟਰਸਾਈਕਲ ਸਵਾਰ ਪਰਿਵਾਰ ਦਰਮਿਆਨ ਭਿਆਨਕ ਹਾਦਸਾ ਵਾਪਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਅਤੇ ਇਸ ਹਾਦਸੇ ਦੇ ਵਿੱਚ ਪਿਓ, ਪੁੱਤਰ ਅਤੇ ਦਾਦੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਸਬਾ ਮਹਿਤਾ ਨੇੜੇ ਪੈਂਦੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਕਿਨਾਰੇ ਇੱਕ ਖੇਤ ਦੇ ਵਿੱਚ ਕਥਿਤ ਤੌਰ ਦੇ ਉੱਤੇ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ। ਜਿਸ ਕਰਕੇ ਸੜਕ ਤੇ ਸੰਘਣੇ ਧੂਏ ਦੌਰਾਨ ਇੱਕ ਮੋਟਰਸਾਈਕਲ ਸਵਾਰ ਅਤੇ ਅਣਪਛਾਤੇ ਹੋਰ ਵਾਹਨ ਵਿੱਚ ਭਿਆਨਕ ਟੱਕਰ ਹੋਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਪਿਓ, ਪੁੱਤਰ ਅਤੇ ਦਾਦੀ ਦੀ ਇਸ ਹਾਦਸੇ ਦੇ ਵਿੱਚ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ।
ਉਕਤ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਮਹਿਤਾ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਉਨ੍ਹਾਂ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਿਲ ਹਸਪਤਾਲ ਬਾਬਾ ਬਕਾਲਾ ਸਾਹਿਬ ਪੁੱਜੇ ਪਰਿਵਾਰਿਕ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕੋਟਲਾ ਸੂਬਾ ਸਿੰਘ ਦੇ ਵਸਨੀਕ ਹਨ। ਉਨ੍ਹਾਂ ਦੇ ਚਾਚੇ ਦਾ ਲੜਕਾ ਅਮਰਜੋਤ ਸਿੰਘ ਆਪਣੀ ਮਾਤਾ ਬਲਵੀਰ ਕੌਰ ਅਤੇ ਡੇਢ ਸਾਲਾਂ ਪੁੱਤਰ ਨਾਲ ਬਾਈਕ ਤੇ ਸਵਾਰ ਹੋ ਕੇ ਮਹਿਤਾ ਚੌਂਕ ਤੋਂ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਪਿੰਡ ਖੱਬੇ ਨੇੜੇ ਸੜਕ ਕਿਨਾਰੇ ਖੇਤਾਂ ਵਿੱਚ ਨਾੜ ਨੂੰ ਅੱਗ ਲੱਗੀ ਸੀ। ਜਿਸ ਦੌਰਾਨ ਧੂੰਏ ਵਿੱਚ ਪਿੱਛੋਂ ਆ ਰਿਹਾ ਕੋਈ ਵਾਹਨ ਇਨ੍ਹਾਂ ਉੱਪਰ ਦੀ ਲੰਘ ਗਿਆ ਅਤੇ ਉਕਤ ਤਿੰਨੋਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਿਕ ਅਮਰਜੋਤ ਸਿੰਘ ਪੰਚਾਇਤੀ ਵਿਭਾਗ ਵਿੱਚ ਅੰਮ੍ਰਿਤਸਰ ਵਿਖੇ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਪਿੱਛੇ ਪਰਿਵਾਰ ਵਿੱਚ ਮ੍ਰਿਤਿਕ ਅਮਰਜੋਤ ਸਿੰਘ ਦੀ ਪਤਨੀ ਅਤੇ ਤਿੰਨ ਭੈਣਾਂ ਰਹਿ ਗਈਆਂ ਹਨ ਅਤੇ ਇੱਕ ਹੱਸਦਾ-ਵੱਸਦਾ ਪਰਿਵਾਰ ਉਕਤ ਹਾਦਸੇ ਦੇ ਕਾਰਨ ਉੱਜੜ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿਵਿਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਥਾਣਾ ਮਹਿਤਾ ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਫੋਨ ਦੇ ਉੱਤੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਣਪਛ਼ਤੇ ਵਾਹਣ ਦੀ ਪਛਾਣ ਕਰਨ ਦੇ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।