ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਵਰੀਆ ਜ਼ਿਲ੍ਹੇ ਦੇ ਗੌਰੀਬਾਜ਼ਾਰ ਖੇਤਰ 'ਚ ਇਕ ਬੱਸ ਅਤੇ ਜੀਪ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੌਰੀਬਾਜ਼ਾਰ-ਰੁਦਰਪੁਰ ਰੋਡ 'ਤੇ ਗੌਰੀ ਬਾਜ਼ਾਰ ਖੇਤਰ ਦੇ ਅਧੀਨ ਆਉਂਦੇ ਇੰਦੂਪੁਰ ਪਿੰਡ ਨੇੜੇ ਬੱਸ ਅਤੇ ਜੀਪ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਯੋਗੀ ਨੇ ਟਵੀਟ ਕਰਕੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਸੁਪਰਡੈਂਟ ਰਾਜੇਸ਼ ਸੋਨਕਰ ਨੇ ਦੱਸਿਆ ਕਿ ਕੁਸ਼ੀਨਗਰ ਜ਼ਿਲ੍ਹੇ ਦੇ ਕੋਹਰਾ ਪਿੰਡ ਦੇ ਵਾਸੀ ਵਿਆਹ ਤੋਂ ਪਹਿਲਾਂ ਤਿਲਕ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਰੁਦਰਪੁਰ ਦੇ ਰਾਏਸ਼ਰੀ ਪਿੰਡ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਜੀਪ ਅਤੇ ਬੱਸ ਦੀ ਟੱਕਰ ਹੋ ਗਈ। ਬੱਸ ਗੋਰਖਪੁਰ ਤੋਂ ਰੁਦਰਪੁਰ ਜਾ ਰਹੀ ਸੀ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।