ਵੈੱਬ ਡੈਸਕ (ਸਾਹਿਬ) - ਸਲੋਵਾਕੀਆ ਦੇ ਆਵਾਜਾਈ ਮੰਤਰੀ ਜੋਜੇਫ ਰਾਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਦੱਖਣੀ ਸਲੋਵਾਕੀਆ 'ਚ ਇਕ ਰੇਲ ਗੱਡੀ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਤੋਂ ਸਲੋਵਾਕੀਆ ਹੁੰਦੇ ਹੋਏ ਹੰਗਰੀ ਦੀ ਰਾਜਧਾਨੀ ਬੁਡਾਪੋਸਟ ਜਾ ਰਹੀ ਇਸ ਯੂਰੋਸਿਟੀ ਰੇਲ ਗੱਡੀ 'ਚ ਲਗਭਗ 200 ਲੋਕ ਸਵਾਰ ਸਨ। ਇਹ ਹਾਦਸਾ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਬਾਅਦ ਨੋਵੇ ਜਾਮਕੀ ਸ਼ਹਿਰ ਨੇੜੇ ਇਕ ਕ੍ਰਾਸਿੰਗ 'ਤੇ ਹੋਇਆ। ਹਾਦਸੇ ਤੋਂ ਬਾਅਦ ਰੇਲ ਗੱਡੀ ਦੇ ਇੰਜਣ 'ਚ ਅੱਗ ਲੱਗ ਗਈ, ਜਦੋਂ ਕਿ ਬੱਸ ਬੁਰੀ ਤਰ੍ਹਾਂ ਨਾਲ 2 ਹਿੱਸਿਆਂ 'ਚ ਟੁੱਟ ਗਈ। ਸਾਰੇ ਮ੍ਰਿਤਕ ਬੱਸ 'ਚ ਸਵਾਰ ਸਨ।
ਦੱਸ ਦਈਏ ਕਿ ਮੰਤਰੀ ਜੋਸੇਫ ਰਾਜ ਨੇ ਕਿਹਾ ਕਿ ਹਾਦਸਾ ਹੋਣ ਤੋਂ ਇਕ ਦਿਨ ਪਹਿਲੇ ਬੁੱਧਵਾਰ ਨੂੰ ਖੇਤਰ 'ਚ ਮੋਹਲੇਧਾਰ ਮੀਂਹ ਪਿਆ ਸੀ, ਜਿਸ ਕਾਰਨ ਰੇਲ ਮਾਰਗ ਨੂੰ ਸਾਰੇ ਤਰ੍ਹਾਂ ਦੀ ਆਵਾਜਾਈ ਲਈ ਬੰਦ ਕਰਨਾ ਪਿਆ ਸੀ। ਰਾਜ ਨੇ ਕਿਹਾ ਕਿ ਜਾਂਚ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਕੋਈ ਤਕਨੀਕੀ ਗੜਬੜੀ ਨਹੀਂ ਹੋਈ ਹੈ। ਉਨ੍ਹਾਂ ਕਿਹਾ,''ਇਹ ਮਨੁੱਖੀ ਭੁੱਲ ਸੀ, ਜਿਸ ਕਾਰਨ ਰੇਲ ਗੱਡੀ ਗਲਤ ਟਰੈਕ 'ਤੇ ਆ ਗਈ।'' ਬੱਸ 'ਚ ਸਵਾਰ 5 ਜ਼ਖ਼ਮੀਆਂ ਨੂੰ ਨਜ਼ਦੀਕੀ ਕਸਬਿਆਂ ਅਤੇ ਸ਼ਹਿਰਾਂ ਦੇ ਹਸਪਤਾਲਾਂ 'ਚ ਲਿਜਾਇਆ ਗਿਆ, ਕਿਉਂਕਿ ਸਥਾਨਕ ਹਸਪਤਾਲ ਰਾਤ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਪਾਣੀ ਭਰਨ ਨਾਲ ਵੀਰਵਾਰ ਨੂੰ ਬੰਦ ਸਨ।