ਪੰਜਾਬ ਦੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ, 5 ਜ਼ਖਮੀ

by nripost

ਫਰੀਦਕੋਟ (ਰਾਘਵ): ਬਾਘਾਪੁਰਾਣਾ ਨੇੜੇ ਪੈਂਦੇ ਪਿੰਡ ਲੰਗੇਆਣਾ ਤੋਂ ਪੀਰ ਦੀ ਦਰਗਾਹ ’ਤੇ ਮੱਥਾ ਟੇਕ ਕੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ’ਤੇ ਦੇਰ ਰਾਤ ਵਾਪਸ ਪਰਤ ਰਹੇ ਜ਼ਿਲ੍ਹੇ ਦੇ ਪਿੰਡ ਵੀਰੇਵਾਲਾ ਦੀ ਸੰਗਤ ਨੂੰ ਪਿੰਡ ਚੰਦਬਾਜਾ ਨੇੜੇ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ ’ਚ ਆਉਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ 15 ਸਾਲਾ ਲੜਕੇ ਦੀ ਮੌਤ ਹੋ ਗਈ ਜਦਕਿ 5 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਟਰਾਲੀ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਘਸੀਟਿਆ ਗਿਆ, ਜਿਸ ਕਾਰਨ ਟਰੈਕਟਰ ਦੇ ਮਡਗਾਰਡ 'ਤੇ ਬੈਠਾ ਇਕ ਲੜਕਾ ਹੇਠਾਂ ਡਿੱਗ ਗਿਆ ਅਤੇ ਟਰਾਲੀ ਹੇਠਾਂ ਦੱਬਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੈਂਟਰ ਚਾਲਕ ਦੀ ਅੱਖ ਵਿੱਚ ਸੱਟ ਲੱਗਣ ਕਾਰਨ ਵਾਪਰਿਆ ਹੈ। ਪੁਲੀਸ ਸੂਤਰਾਂ ਅਨੁਸਾਰ ਕੈਂਟਰ ਚਾਲਕ ਜੋ ਕਿ ਜਲਾਲਾਬਾਦ ਦਾ ਵਸਨੀਕ ਹੈ ਅਤੇ ਜਲੰਧਰ ਤੋਂ ਮਾਲ ਲੈ ਕੇ ਆ ਰਿਹਾ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦੋਂਕਿ ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।