
ਲੁਧਿਆਣਾ (ਨੇਹਾ): ਲੁਧਿਆਣਾ ਇੱਕ ਮੋਟਰਸਾਈਕਲ ਚਾਲਕ ਦੀ ਅਣਗਹਿਲੀ ਦੇ ਚੱਲਦਿਆਂ ਅਧੇੜ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ’ਚ ਮ੍ਰਿਤਕ ਦਾ ਦੋਸਤ ਗੰਭੀਰ ਰੂਪ ’ਚ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਧੂੜਕੋਟ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਇਆਲੀ ਖੁਰਦ ਵਾਸੀ ਰਾਹੁਲ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਲੁਧਿਆਣਾ ਦੇ ਦੀਪਕ ਹਸਪਤਾਲ ’ਚ ਭਰਤੀ ਮਨਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੇ ਦੋਸਤ ਬਿਕਰਮ ਦੇਵ ਸਿੰਘ ਢਿੱਲੋਂ ਨਾਲ ਮੋਟਰਸਾਈਕਲ ’ਤੇ ਡੇਹਲੋਂ ਤੋਂ ਲੁਧਿਆਣਾ ਆ ਰਿਹਾ ਸੀ। ਦੋਵੇਂ ਜਿਵੇਂ ਹੀ ਪੰਜਾਬ ਸਕਰੈਪ ਸਟੋਰ ਦੇ ਲਾਗੇ ਪਹੁੰਚੇ ਤਾਂ ਇੱਕ ਮੋਟਰਸਾਈਕਲ ਚਾਲਕ ਨੇ ਆਪਣਾ ਵਾਹਨ ਬੜੀ ਹੀ ਲਾਪ੍ਰਵਾਹੀ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ।
ਉਹ ਜਿਵੇਂ ਹੀ ਉਨ੍ਹਾਂ ਦੇ ਕੋਲੋਂ ਲੰਘਿਆ ਤਾਂ ਉਸ ਦੇ ਮੋਟਰਸਾਈਕਲ ਦਾ ਪਿਛਲਾ ਪਾਸਾ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਹਾਦਸੇ ਦੌਰਾਨ ਮਨਜੀਤ ਸਿੰਘ ਤੇ ਬਿਕਰਮ ਦੇਵ ਸਿੰਘ ਢਿੱਲੋਂ ਸੜਕ ’ਤੇ ਡਿੱਗ ਪਏ। ਰਫ਼ਤਾਰ ਤੇਜ਼ ਹੋਣ ਕਾਰਨ ਦੋਵੇਂ ਗੰਭੀਰ ਰੂਪ ’ਚ ਫੱਟੜ ਹੋ ਗਏ। ਮਨਜੀਤ ਸਿੰਘ ਇਲਾਜ ਲਈ ਲੁਧਿਆਣਾ ਦੇ ਦੀਪਕ ਹਸਪਤਾਲ ਦਾਖਲ ਹੈ, ਜਦਕਿ ਬਿਕਰਮ ਦੇਵ ਸਿੰਘ ਢਿੱਲੋਂ ਨੂੰ ਹਿੰਦ ਹਸਪਤਾਲ ਅਹਿਮਦਗੜ੍ਹ ’ਚ ਦਾਖਲ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬਿਕਰਮ ਦੇਵ ਸਿੰਘ ਢਿੱਲੋਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਨਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਮੋਟਰਸਾਈਕਲ ਚਾਲਕ ਇਆਲੀ ਖੁਰਦ ਦੇ ਰਹਿਣ ਵਾਲੇ ਰਾਹੁਲ ਕੁਮਾਰ ਦੀ ਅਣਗਹਿਲੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਉਧਰ ਇਸ ਕੇਸ ਦੇ ਤਫਤੀਸ਼ੀ ਅਫਸਰ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਹੁਲ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।