ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀਆਂ ਸੰਗਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸੇ ਦੌਰਾਨ ਸ਼ਨੀਵਾਰ ਸਵੇਰੇ ਕੀਰਤਪੁਰ ਸਾਹਿਬ-ਮਨਾਲੀ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸੀ। ਜਦੋਂ ਟਰੈਕਟਰ-ਟਰਾਲੀ ਕੀਰਤਪੁਰ ਸਾਹਿਬ-ਮਨਾਲੀ ਰੋਡ ‘ਤੇ ਸਥਿਤ ਇੱਕ ਵਰਕਸ਼ਾਪ ਨੇੜੇ ਪਹੁੰਚੀ ਤਾਂ ਅਚਾਨਕ ਟਰੈਕਟਰ ਵਰਕਸ਼ਾਪ ਦੀ ਕੰਧ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਅਤੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਕੀਰਤਪੁਰ ਸਾਹਿਬ ਜਤਿਨ ਕਪੂਰ ਨੇ ਦੱਸਿਆ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਇਲਾਜ ਲਈ ਕੀਰਤਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਇਹ ਟਰਾਲੀ ਕਿੱਥੋਂ ਆਈ ਅਤੇ ਮਰਨ ਵਾਲਿਆਂ ਦੀ ਪਛਾਣ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਨਵਾਂਸ਼ਹਿਰ ਦੇ ਪਿੰਡ ਸ਼ੇਖੂਪੁਰਾ ਦੇ ਵਸਨੀਕ ਕਰੀਬ 20 ਵਿਅਕਤੀ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ 27 ਸਾਲਾ ਬਲਜੀਤ ਸਿੰਘ ਅਤੇ ਉਸ ਦੇ ਨਾਨੇ ਵਜੋਂ ਹੋਈ ਹੈ।