ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰ ਦੀ ਭਾਰੀ ਬਾਰਿਸ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ 8 ਮਹੀਨਿਆਂ ਦੇ ਲੰਬੇ ਸਮੇਂ ਤੋਂ ਮੋਰਚਾ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਕਿਸਾਨਾਂ ’ਤੇ ਵੀ ਪੂਰੀ ਆਫਤ ਬਣ ਕੇ ਵਰ੍ਹੀ ਹੈ। ਭਾਰੀ ਮੀਂਹ ਨੇ ਟੈਂਟ ਲਾ ਕੇ ਬੈਠੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਅਤੇ ਉਹ ਹੁਣ ਆਸਮਾਨ ਹੇਠਾਂ ਖੁੱਲ੍ਹੀ ਛੱਤ ਹੇਠ ਰਹਿਣ ਨੂੰ ਮਜਬੂਰ ਹੋ ਗਏ ਹਨ। ਬਾਰਿਸ਼ ਨਾਲ ਪੂਰੀ ਤਰ੍ਹਾਂ ਟੈਂਟ ਡੁੱਬ ਚੁੱਕੇ ਹਨ ਤੇ ਇਹ ਕਿਸੇ ਹਡ਼੍ਹ ਵਾਲੇ ਦ੍ਰਿਸ਼ ਤੋਂ ਘੱਟ ਨਹੀਂ ਲੱਗ ਰਿਹਾ ਸੀ।
ਭਾਰੀ ਬਾਰਿਸ਼ ਕਾਰਨ ਆਈ ਇਸ ਮੁਸੀਬਤ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ, ਕੁੱਲ ਹਿੰਦ ਕਿਸਾਨ ਸਭਾ ਦੇ ਐਡ. ਰਜਿੰਦਰ ਸਿੰਘ ਰਾਣਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਸਤਨਾਮ ਸਿੰਘ ਮੋਮੀ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਪਾਰਲੀਮੈਂਟ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਬੀਤੇ ਦਿਨ ਤੋਂ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਸਵੇਰੇ ਪਈ ਤੇਜ਼ ਬਾਰਿਸ਼ ਨਾਲ ਸਾਰਾ ਕੁਝ ਤਬਾਹ ਹੋ ਗਿਆ।ਟੈਂਟਾਂ ’ਚ ਪਿਆ ਸਾਰਾ ਸਾਮਾਨ ਬਾਰਿਸ਼ ਨਾਲ ਭਿੱਜ ਗਿਆ ਹੈ ਤੇ ਟੈਂਟਾਂ ’ਚ 2 ਤੋਂ 3 ਫੁੱਟ ਤੱਕ ਪਾਣੀ ਖ਼ੜ੍ਹਾ ਹੈ, ਜਿਸ ਕਾਰਨ ਰਾਤ ਨੂੰ ਸੌਣਾ ਤਾਂ ਦੂਰ ਦਿਨ ਵੇਲੇ ਬੈਠਿਆਂ ਵੀ ਨਹੀਂ ਜਾਣਾ।