ਲਖਨਊ (ਇੰਦਰਜੀਤ ਸਿੰਘ) : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਬੀਤੇ 19 ਦਸੰਬਰ ਨੂੰ ਹਿੰਸਕ ਪ੍ਰਦਰਸ਼ਨ ਦੇ ਕਰੀਬ ਇਕ ਹਫ਼ਤੇ ਬਾਅਦ ਵੀ ਉਤਰ ਪ੍ਰਦੇਸ਼ ਵਿਚ ਤਣਾਅ ਹੈ। ਸੂਬੇ ਦੇ ਕਈ ਇਲਾਕਿਆਂ ਵਿਚ ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼ੁੱਕਰਵਾਰ ਨੂੰ ਹਿੰਸਾ ਹੋਣ ਦੀ ਸੰਭਾਵਨਾ ਨੂੰ ਲੈ ਕੇ ਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ।
ਪੁਲਿਸ ਦੀ ਨਜ਼ਰ ਜੁੰਮੇ ਦੀ ਨਮਾਜ਼ ਵਿਚ ਇਕੱਤਰ ਹੋਣ ਵਾਲੀ ਭੀੜ 'ਤੇ ਹੈ। ਇਸ ਨੂੰ ਲੈ ਕੇ ਕਈ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਹੋ ਗਿਆ ਹੈ। ਆਗਰਾ ਸਹਿਤ ਅੱਧਾ ਦਰਜਨ ਕਈ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਸ਼ਾਮ ਸੱਤ ਵਜੇ ਤੋਂ ਸ਼ੁੱਕਰਵਾਰ ਤਕ ਮੋਬਾਈਲ ਇੰਟਰਨੈੱਟ ਨੂੰ ਬੰਦ ਰੱਖਿਆ ਜਾਵੇਗਾ।ਲਖਨਊ ਅਤੇ ਕਾਨਪੁਰ ਦੇ ਨਾਲ ਮੇਰਠ, ਬਿਜਨੌਰ, ਫਿਰੋਜ਼ਾਬਾਦ ਤੇ ਸੰਭਲ ਵਿਚ ਹਿੰਸਾ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ।
20 ਦਸੰਬਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਦੌਰਾਨ ਹਿੰਸਾ ਤੇਜ਼ ਹੋਣ ਤੋਂ ਬਾਅਦ ਸਰਕਾਰ ਹੁਣ ਫੂਕ ਫੂਕ ਕੇ ਕਦਮ ਰੱਖ ਰਹੀ ਹੈ। ਕਿਸੇ ਵੀ ਅਣਹੋਣੀ ਨਾਲ ਨਜਿੱਠਣ ਲਈ ਫੋਰਸ ਅਲਰਟ ਹੈ, ਨਾਲ ਹੀ ਅੱਧਾ ਦਰਜਨ ਸ਼ਹਿਰਾਂ ਵਿਚ ਸ਼ੁੱਕਰਵਾਰ ਨੂੰ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।