ਮਾਨਸਾ (ਐਨ.ਆਰ.ਆਈ. ਮੀਡਿਆ)- ਅੱਜ ਸਿੱਧੀ ਭਰਤੀ ਹੈੱਡ ਟੀਚਰ/ਸੈਂਟਰ ਹੈੱਡ ਟੀਚਰਜ਼ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਮਾਨਯੋਗ ਨਾਜਰ ਸਿੰਘ ਮਾਨਸ਼ਾਹੀਆ, ਹਲਕਾ ਵਿਧਾਇਕ ਮਾਨਸਾ ਜੀ ਨੂੰ ਮਿਲਿਆ।
ਵਫ਼ਦ ਵੱਲੋਂ ਵਿਧਾਇਕ ਜੀ ਨੂੰ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਮਈ 2020 ਵਿੱਚ ਅਧਿਆਪਕਾਂ ਲਈ ਆਨਲਾਈਨ ਬਦਲੀਆਂ ਕਰਨ ਲਈ ਇੱਕ ਪੋਰਟਲ ਸ਼ੁਰੂ ਕੀਤਾ ਗਿਆ ਸੀ ਅਤੇ 27 ਮਈ 2020 ਨੂੰ ਵਿਭਾਗ ਨੇ ਪੱਤਰ ਜਾਰੀ ਕਰਕੇ ਇਨ੍ਹਾਂ ਸਿੱਧੀ ਭਰਤੀ ਹੈੱਡ ਟੀਚਰ/ਸੈਂਟਰ ਹੈੱਡ ਟੀਚਰਜ਼ ਨੂੰ ਪਹਿਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਕਰਦੇ ਹੋਣ ਕਾਰਨ ਇਹਨਾਂ ਬਦਲੀਆਂ ਲਈ ਯੋਗ ਮੰਨਿਆ ਸੀ। ਹਾਲਾਂਕਿ ਪਿਛਲੇ ਸਾਲ ਕਿਸੇ ਕਾਰਨ ਇਹ ਬਦਲੀਆਂ ਨਹੀਂ ਕੀਤੀਆਂ ਜਾ ਸਕੀਆਂ। ਮੌਜੂਦਾ ਸਾਲ ਵਿੱਚ ਵਿਭਾਗ ਵੱਲੋਂ ਦੁਬਾਰਾ ਸਾਰੇ ਅਧਿਆਪਕਾਂ ਤੋਂ ਬਦਲੀਆਂ ਦੀਆਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ ਪ੍ਰੰਤੂ ਇਸ ਵਾਰ ਵਿਭਾਗ ਨੇ ਸਿੱਧੀ ਭਰਤੀ ਵਾਲੇ ਐੱਚ ਟੀ/ਸੀ ਐੱਚ ਟੀਜ਼ ਉੱਪਰ ਇੱਕ ਬੇਲੋੜੀ ਸ਼ਰਤ ਲਗਾ ਦਿੱਤੀ ਹੈ ਕਿ ਇਹਨਾਂ ਅਧਿਆਪਕਾਂ ਦੀ ਇਹਨਾਂ ਦੇ ਜੱਦੀ ਜ਼ਿਲ੍ਹੇ ਵਿਚ ਬਦਲੀ ਕੇਵਲ ਇਸ ਸ਼ਰਤ ਤੇ ਲਾਗੂ ਕੀਤੀ ਜਾਵੇਗੀ ਕਿ ਜੇਕਰ ਇਹਨਾਂ ਦੇ ਜੱਦੀ ਜ਼ਿਲ੍ਹੇ ਵਿਚ 25% ਸਿੱਧੀ ਭਰਤੀ ਕੋਟੇ ਦੀ ਅਸਾਮੀ ਖ਼ਾਲੀ ਹੋਵੇਗੀ। ਮੌਕੇ ਤੇ ਹਾਜ਼ਰ ਯੂਨੀਅਨ ਆਗੂਆਂ ਨੇ ਮਾਨਯੋਗ ਵਿਧਾਇਕ ਨੂੰ ਦੱਸਿਆ ਕਿ ਵਿਭਾਗ ਦੇ ਸੀ.ਐਸ.ਆਰ. ਨਿਯਮਾਂ, ਇਹਨਾਂ ਸਿੱਧੀ ਭਰਤੀ ਹੈੱਡ ਟੀਚਰ/ਸੈਂਟਰ ਹੈੱਡ ਟੀਚਰਜ਼ ਦੀ ਭਰਤੀ ਇਸ਼ਤਿਹਾਰ, ਭਰਤੀ ਦੇ ਅਰਡਰਾਂ ਅਤੇ ਬਦਲੀਆਂ ਦੇ ਨੋਟੀਫਿਕੇਸ਼ਨ ਵਿਚ ਕੋਈ ਵੀ ਅਜਿਹੀ ਸ਼ਰਤ/ਨਿਯਮ ਦਾ ਉਲੇਖ ਨਹੀਂ ਹੈ।
ਇਸ ਨੂੰ ਸੁਣਕੇ ਵਿਧਾਇਕ ਨੇ ਇਸ ਮੰਗ ਨਾਲ ਪੂਰਣ ਸਹਿਮਤੀ ਪ੍ਰਗਟ ਕਰਦਿਆਂ ਤੁਰੰਤ ਇਹਨਾਂ ਸਿੱਧੀ ਭਰਤੀ ਹੈੱਡ ਟੀਚਰ/ਸੈਂਟਰ ਹੈੱਡ ਟੀਚਰਜ਼ ਦੇ ਮੰਗ ਪੱਤਰ ਨੂੰ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਕੋਲ ਭੇਜਿਆ ਅਤੇ ਵਿਸ਼ਵਾਸ ਦਿਵਾਇਆ ਕਿ ਅਜਿਹਾ ਕੋਈ ਵੀ ਗਲਤ ਕੰਮ ਸਿੱਖਿਆ ਵਿਭਾਗ ਨੂੰ ਕਰਨ ਤੋਂ ਰੋਕਣ ਲਈ ਉਹ ਆਪਣੀ ਪੂਰੀ ਵਾਹ ਲਗਾਉਣਗੇ । ਇਸ ਮੌਕੇ ਨਿਤਿਨ ਸੋਢੀ, ਜਸਵੀਰ ਸਿੰਘ, ਤਰਵਿੰਦਰ ਸਿੰਘ, ਮਲਕੀਤ ਸਿੰਘ, ਜਗਜੀਤ ਸਿੰਘ, ਗੁਰਬਚਨ ਸਿੰਘ ਅਤੇ ਹੋਰ ਕਈ ਅਧਿਆਪਕ ਸਾਥੀ ਹਾਜ਼ਰ ਸਨ।