ਨਿਊਜ਼ ਡੈਸਕ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ 'ਚ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਖਾਲਿਸਤਾਨ ਬਾਰੇ ਪ੍ਰਚਾਰ ਕਰਨ ਵਾਲੀ ‘ਆਪ’ ਤੇ ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਆਪਸ 'ਚ ਕੀ ਸਬੰਧ ਹਨ। ਚੁੱਘ ਨੇ ਰਾਜਪਾਲ ਨੂੰ ਪੰਜਾਬ ਦੀ 'ਆਪ' ਸਰਕਾਰ ਤੋਂ ਉਨ੍ਹਾਂ 15 ਨੁਕਤਿਆਂ 'ਤੇ ਰਿਪੋਰਟ ਮੰਗਣ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਨੇ ਪੱਤਰ 'ਚ ਉਠਾਏ ਸਨ।
ਚੁੱਘ ਨੇ ਦਾਅਵਾ ਕੀਤਾ ਕਿ ਪੂਰਾ ਘਟਨਾਕ੍ਰਮ ਵਿਨਾਸ਼ਕਾਰੀ ਤਾਕਤਾਂ ਵੱਲੋਂ ਇਕ ਗਿਣਿਆ ਗਿਆ ਤੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਅਭਿਆਸ ਸੀ, ਜਿਨ੍ਹਾਂ ਨੇ ਪੰਜਾਬ 'ਚ 'ਆਪ' ਦੇ ਸ਼ਾਸਨ ਦੌਰਾਨ ਨਵੀਂ ਆਵਾਜ਼ ਲੱਭੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਦੇਸ਼-ਵਿਰੋਧੀ ਤੇ ਸਮਾਜ ਵਿਰੋਧੀ ਅਨਸਰਾਂ ਨੂੰ ‘ਆਪ’ ਦੀ ਸਰਪ੍ਰਸਤੀ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ 'ਚ ਇਕ ਵਾਰ ਫਿਰ ਤੋਂ ਵਿਗੜਿਆ ਸ਼ਾਂਤੀ ਭੰਗ ਨਾ ਹੋਵੇ। ਇਸ ਹਿੰਸਕ ਝੜਪ ਨੂੰ ਦੇਖਦਿਆਂ ਪ੍ਰਸ਼ਾਸਨ ਤੇ ਪੁਲਸ ਮੂਕ ਦਰਸ਼ਕ ਕਿਉਂ ਬਣੇ ਰਹੇ? ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਜੇਕਰ ਉਹ ਸੂਬੇ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਅਸਮਰੱਥ ਹਨ।