ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਤਰਨਤਾਰਨ 'ਚ ਸਰਹਾਲੀ ਵਿਖੇ ਅੱਧੀ ਰਾਤ ਨੂੰ ਪੁਲਿਸ ਥਾਣੇ ਅੰਦਰ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਨੂੰ ਲੈ ਕੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ NIA ਵਲੋਂ ਆਪਣੀ ਟੀਮ ਨਾਲ ਥਾਣੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ NIA ਨੇ ਸਬੂਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਟੀਮ ਵਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਸਮੇਤ ਹੋਰ ਵੀ ਕਈ ਸ਼ੱਕੀ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਹਮਲੇ 'ਚ ਪੁਲਿਸ ਅਫਸਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ ।
ਜ਼ਿਕਰਯੋਗ ਹੈ ਕਿ CM ਮਾਨ ਵਲੋਂ ਵੀ ਇਸ ਹਮਲੇ 'ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਬੀਤੀ ਦਿਨੀ ਪੰਜਾਬ ਦੇ DGP ਗੌਰਵ ਯਾਦਵ ਵਲੋਂ ਵੀ ਹਮਲੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਇਹ ਸਾਰੀ ਪਾਕਿਸਤਾਨ ਦੀ ਸ਼ਾਜਿਸ਼ ਹੈ, ਇਸ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ । ਉੱਥੇ ਹੀ ਪੁਲਿਸ ਥਾਣੇ 'ਚ ਹੋਏ ਹਮਲੇ ਦੀ ਜਿੰਮੇਵਾਰੀ ਵਿਦੇਸ਼ ਬੈਠੇ ਅੱਤਵਾਦੀ ਪੰਨੂ ਵਲੋਂ ਲਈ ਗਈ । ਪੰਨੂ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ 'ਚ 1947 'ਚ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਪੰਜਾਬ ਸਰਕਾਰ ਨੇ ਬੇਘਰ ਕਰ ਦਿੱਤਾ ਹੈ, ਇਹ ਹਮਲਾ ਇਸ ਦਾ ਹੀ ਬਦਲਾ ਹੈ।