ਕਾਬੁਲ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ’ਤੇ ਤਾਲਿਬਾਨੀਆਂ ਵੱਲੋਂ ਰਾਕੇਟ ਦਾਗ਼ੇ ਜਾਣ ਮਗਰੋਂ ਅੱਜ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਦੇਸ਼ ਦਾ ਦੂਜਾ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਾ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਸ਼ਿਨਹੂਆ ਖ਼ਬਰ ਏਜੰਸੀ ਨੂੰ ਕਿਹਾ, ‘‘ਸ਼ੁਰੂਆਤੀ ਸੂਚਨਾ ਤੋਂ ਪਤਾ ਚੱਲਿਆ ਹੈ ਕਿ ਤਾਲਿਬਾਨੀ ਅਤਿਵਾਦੀਆਂ ਨੇ ਕੰਧਾਰ ਕੌਮਾਂਤਰੀ ਹਵਾਈ ਅੱਡੇ ’ਤੇ ਤਿੰਨ ਰਾਕੇਟ ਦਾਗ਼ੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਨਾਲ ਸ਼ਨਿੱਚਰਵਾਰ ਦੇਰ ਰਾਤ ਨੂੰ ਹਵਾਈ ਅੱਡੇ ਦੀ ਪੱਟੜੀ ਨੁਕਸਾਨੀ ਗਈ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਡਾਣਾਂ ਜਲਦ ਤੋਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ।
ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੰਧਾਰ ਸ਼ਹਿਰ ਹਾਲ ਹੀ ਵਿੱਚ ਭਿਆਨਕ ਲੜਾਈ ਦਾ ਕੇਂਦਰ ਰਿਹਾ ਹੈ ਕਿਉਂਕਿ ਤਾਲਿਬਾਨੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਫ਼ਗਾਨੀ ਸੁਰੱਖਿਆ ਬਲਾਂ ਨੇ ਲਗਾਤਾਰ ਭਾਰੀ ਲੜਾਈ ਜਾਰੀ ਰੱਖੀ ਹੋਈ ਹੈ। ਬੀਤੇ ਹਫ਼ਤਿਆਂ ਦੌਰਾਨ ਕਈ ਨੀਮ ਸ਼ਹਿਰੀ ਜ਼ਿਲ੍ਹਿਆਂ ’ਤੇ ਕਬਜ਼ਾ ਕਰਨ ਮਗਰੋਂ ਅਤਿਵਾਦੀਆਂ ਨੇ ਇਸ ਸ਼ਹਿਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।