ਓਂਟਾਰੀਓ (ਵਿਕਰਮ ਸਹਿਜਪਾਲ) : ਓਂਟਾਰੀਓ ਦੇ 60 ਫ਼ੀ ਸਦੀ ਵੋਟਰ ਪੀ.ਸੀ. ਪਾਰਟੀ ਦੀ ਸਰਕਾਰ ਨੂੰ ਭ੍ਰਿਸ਼ਟ ਮੰਨ ਰਹੇ ਹਨ। ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜਣ ਦਾ ਘਪਲਾ ਡਗ ਫ਼ੋਰਡ ਸਰਕਾਰ ਲਈ ਮੁਸ਼ਕਲਾਂ ਪੈਦਾ ਰਿਹਾ ਹੈ| ਇਹ ਪ੍ਰਗਟਾਵਾ ਟੋਰਾਂਟੋ ਸਟਾਰ ਵੱਲੋਂ ਪ੍ਰਕਾਸ਼ਤ ਇਕ ਸਰਵੇਖਣ ਵਿਚ ਕੀਤਾ ਗਿਆ ਹੈ। ਕੌਰਬੈਟ ਕਮਿਊਨੀਕੇਸ਼ਨਜ਼ ਦੇ ਸਰਵੇਖਣ ਦੌਰਾਨ ਸਿਰਫ਼ 10% ਸਦੀ ਲੋਕਾਂ ਨੇ ਇਹ ਗੱਲ ਆਖੀ ਕਿ ਡਗ ਫ਼ੋਰਡ ਦੇ ਚੀਫ਼ ਆਫ਼ ਸਟਾਫ ਡੀਨ ਫ਼ਰੈਂਚ ਦੀ ਵਿਦਾਇਗੀ ਨਾਲ ਨੁਕਸਾਨ ਦੀ ਭਰਪਾਈ ਹੋ ਸਕੇਗੀ। ਦੱਸ ਦੇਈਏ ਕਿ ਡੀਨ ਫ਼ਰੈਂਚ ਦੇ ਪਰਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਅਹਿਮ ਸਰਕਾਰੀ ਅਹੁਦੇ ਬਖ਼ਸ਼ੇ ਗਏ ਸਨ।
ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ ਦੇ ਮੈਂਬਰ ਇਆਨ ਨੀਟਾ ਦੇ ਅਸਤੀਫ਼ੇ ਵੱਲ ਇਸ਼ਾਰਾ ਕਰਦਿਆਂ ਸਰਵੇਖਣਕਰਤਾ ਜੌਹਨ ਕੌਰਬੈਟ ਨੇ ਕਿਹਾ ਕਿ ਰਿਸ਼ਤੇਦਾਰਾਂ ਅਤੇ ਦੋਸਤਾਂ 'ਤੇ ਮਹਿਰਬਾਨ ਹੋਣ ਦਾ ਸਵਾਲ ਹਾਲੇ ਖ਼ਤਮ ਨਹੀਂ ਹੋਇਆ। ਕੌਰਬੈਟ ਦਾ ਕਹਿਣਾ ਸੀ ਕਿ ਓਂਟਾਰੀਓ ਦੇ ਲੋਕ ਇਸ ਮਾਮਲੇ ਨੂੰ ਗੌਰ ਨਾਲ ਵੇਖ ਰਹੇ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਡੀਨ ਫ਼ਰੈਂਚ ਦੇ ਹੋਰ ਕਿੰਨੇ ਨਜ਼ਦੀਕੀ ਵੱਖ-ਵੱਖ ਅਹੁਦਿਆਂ 'ਤੇ ਤੈਨਾਤ ਹਨ। ਇਹ ਸਰਵੇਖਣ 9 ਅਤੇ 10 ਜੁਲਾਈ ਨੂੰ ਕੀਤਾ ਗਿਆ ਅਤੇ 936 ਜਣਿਆਂ ਦੀ ਰਾਏ ਦਰਜ ਕੀਤੀ ਗਈ। ਇਸ ਵਿਚ 3 ਪ੍ਰਤੀਸ਼ਤ ਅੰਕਾਂ ਦੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡੀਨ ਫ਼ਰੈਂਚ ਦੇ ਅਸਤੀਫ਼ੇ ਤੋਂ 2 ਹਫ਼ਤੇ ਬਾਅਦ ਓਂਟਾਰੀਓ ਦੇ 63% ਸਦੀ ਲੋਕਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣਿਆਂ ਨੂੰ ਗੱਫੇ ਵੰਡੇ ਜਦਕਿ 57% ਸਦੀ ਵੋਟਰਾਂ ਨੇ ਸਿੱਧੇ ਤੌਰ 'ਤੇ ਸਰਕਾਰ ਨੂੰ ਭ੍ਰਿਸ਼ਟ ਕਰਾਰ ਦਿਤਾ।