ਕੈਨੇਡਾ ਅਤੇ ਅਮਰੀਕਾ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਕੈਨੇਡਾ ਦੇ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ਵਿਚ ਸਥਿਤ ਲਿਟਨ ਦੇ ਪਿੰਡ ਵਿਚ ਤਾਪਮਾਨ ਵੱਧ ਕੇ 46.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 1937 ਦਾ ਉਹ ਰਿਕਾਰਡ ਟੁੱਟ ਗਿਆ ਹੈ ਜਦ ਸਸਕੈਚੇਵਨ ਵਿਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਵਧਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ।

ਅਮਰੀਕਾ ਦੇ ਕਈ ਸ਼ਹਿਰ ਇਸ ਸਮੇਂ ਗਰਮੀ ਦੀ ਲਪੇਟ ਵਿਚ ਹਨ। ਪੋਰਟਲੈਂਡ ਵਿਚ ਤਾਪਮਾਨ 42.2 ਡਿਗਰੀ ਦੇ ਪਾਰ ਚਲਾ ਗਿਆ ਹੈ। ਵਧਦੀ ਗਰਮੀ ਦੇ ਕਾਰਨ ਲੋਕ ਪ੍ਰੇਸ਼ਾਨ ਹਨ। ਬਾਜ਼ਾਰ ਵਿਚ ਏਸੀ, ਕੂਲਰ ਅਤੇ ਪੱਖਿਆਂ ਦੀ ਮੰਗ ਅਚਾਨਕ ਵਧ ਗਈ ਹੈ। ਨਾਲ ਹੀ ਕੋਰੋਨਾ ਵੈਕਸੀਨ ਕੈਂਪ ਵੀ ਰੱਦ ਕਰ ਦਿੱਤਾ ਗਿਆ ਹੈ।


ਅਮਰੀਕਾ ਵਿਚ ਪ੍ਰਸ਼ਾਂਤ ਉਤਰ-ਪੱਛਮ ਖੇਤਰ ਇਨ੍ਹਾਂ ਦਿਨੀਂ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਇੱਥੇ ਲੂ ਦੇ ਚਲਦਿਆਂ ਦਿਨ ਦਾ ਤਾਪਮਾਨ 100 ਡਿਗਰੀ ਫਾਰਨਹੀਟ ਤੋਂ ਜ਼ਿਆਦਾ ਦਰਜ ਕੀਤਾ ਗਿਆ। ਇਸ ਨੂੰ ਮੌਸਮ ਵਿਭਾਗ ਨੇ ਰਿਕਾਰਡ ਤੋੜਨ ਵਾਲਾ ਅਤੇ ਖ਼ਤਰਨਾਕ ਦੱਸਿਆ ਹੈ। ਇਸ ਨਾਲ ਪੋਰਟਲੈਂਡ, ਓਰੇਗਾਉਂ, ਸਿਆਟਲ ਬੁਰੀ ਤਰ੍ਹਾਂ ਪ੍ਰਭਾਵਤ ਹਨ ਜਦ ਕਿ ਵਾਸ਼ਿੰਗਟਨ, ਆਈਡਹੋ, ਵਿਉਮਿੰਗ ਅਤੇ ਕੈਲੀਫੋਰਨੀਆ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ। ਪੋਰਟਲੈਂਡ, ਓਰੇਗਾਉਂ ਵਿਚ 44 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਿਸ ਨੇ ਇੱਕ ਦਿਨ ਪਹਿਲਾਂ ਹੀ ਬਣੇ 42.2 ਡਿਗਰੀ ਸੈਲਸੀਅਸ ਦੇ ਅਪਣੇ ਹੀ ਰਿਕਾਰਡ ਨੂੰ ਤੋੜਿਆ। ਓਰੇਗਾਉਂ ਦੇ ਯੂਗੀਨ ਵਿਚ ਅਮਰੀਕਾ ਟਰੈਕ ਤੇ ਫੀਲਡ ਪ੍ਰੀਖਣਾਂ ਨੂੰ ਰੋਕਣਾ ਪਿਆ ਅਤੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਖਾਲੀ ਕਰਨ ਲਈ ਕਿਹਾ ਗਿਆ ਜਿਸ ਨੇ ਹੁਣ ਤੱਕ ਦੇ ਤਾਪਮਾਨ ਦਾ ਰਿਕਾਰਡ ਤੋੜਿਆ। ਓਰੇਗਾਉਂ ਦੀ ਰਾਜਧਾਨੀ ਸਾਲੇਮ ਵਿਚ ਇਤਿਹਾਸ ਦਾ ਜ਼ਿਆਦਾਤਰ ਤਾਪਮਾਨ 44.4 ਡਿਗਰੀ ਦਰਜ ਹੋਇਆ ਜੋ ਪਹਿਲੇ ਰਿਕਾਰਡ ਤੋਂ ਚਾਰ ਡਿਗਰੀ ਜ਼ਿਆਦਾ ਸੀ।


ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਤਾਪਮਾਨ 104 ਡਿਗਰੀ ਫਾਰਨਹੀਟ ਯਾਨੀ ਕਿ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਬਾਰਸ਼ ਦੇ ਲਈ ਪਛਾਣੇ ਜਾਣ ਵਾਲੇ ਸ਼ਹਿਰ ਦੇ ਲਈ ਇਹ ਰਿਕਾਰਡ ਤਾਪਮਾਨ ਹੈ। 1894 ਵਿਚ ਰਿਕਾਰਡ ਰੱਖੇ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦ ਖੇਤਰ ਵਿਚ ਲਗਾਤਾਰ ਦੋ ਦਿਨ ਤਿੰਨ ਅੰਕਾਂ ਵਿਚ ਤਾਪਮਾਨ ਦਰਜ ਕੀਤਾ ਗਿਆ।

ਪ੍ਰਸ਼ਾਂਤ ਉਤਰ-ਪੱਛਮ ਦੇ ਨਿਵਾਸੀ ਆਮ ਤੌਰ 'ਤੇ ਗਰਮੀ ਨਾਲ ਨਿਪਟਣ ਦੇ ਲਈ ਤਿਆਰ ਨਹੀਂ ਰਹਿੰਦੇ । ਕਈ ਘਰਾਂ ਵਿਚ ਏਅਰ ਕੰਡੀਸ਼ਨਿੰਗ ਨਹੀਂ ਹੁੰਦੀ ਹੈ। ਹੁਣ ਇੱਥੇ ਪੂਰੇ ਖੇਤਰ ਦੀ ਦੁਕਾਨਾਂ ਦੇ ਪੱਖੇ ਅਤੇ ਏਅਰ ਕੰਡੀਸ਼ਨਰਾਂ ਦੇ ਵਿਕ ਜਾਣ ਦੀ ਖ਼ਬਰਾਂ ਹਨ। 7.25 ਲੱਖ ਅਬਾਦੀ ਵਾਲੇ ਸਿਆਟਲ ਵਿਚ ਅਧਿਕਾਰੀਆਂ ਨੇ ਸ਼ਹਿਰ ਦੇ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ, ਖਿੜਕੀ ਬੰਦ ਰੱਖਣ ਅਤੇ ਪੱਖਿਆਂ ਦੇ ਇਸਤੇਮਾਲ ਦੀ ਸਲਾਹ ਦਿੱਤੀ ਹੈ। ਜ਼ਰੂਰਤ ਪੈਣ 'ਤੇ ਸ਼ਹਿਰ ਦੇ ਕੁਲੀਓਂਗ ਕੇਂਦਰ ਜਾਣ ਲਈ ਕਿਹਾ ਗਿਆ ਹੈ।