ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਕਿਸੇ ਵੀ ਦਰਜ ਹੋਏ ਜਾਂ ਭਵਿੱਖ ਵਿਚ ਦਰਜ ਹੋਣ ਵਾਲੇ ਮਾਮਲਿਆਂ ’ਚ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਸੰਪੰਨ ਹੋਣ ਤੱਕ ਜਾਰੀ ਰਹੇਗੀ। ਅਦਾਲਤ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਸੈਣੀ ਨੂੰ ਸਿਆਸੀ ਰੰਜਿਸ਼ ਕਾਰਨ ਮੌਜੂਦਾ ਸਰਕਾਰ ਵੱਲੋਂ ਫਸਾਇਆ ਜਾ ਰਿਹਾ ਹੈ।
ਸੈਣੀ ਦੀ ਕਿਸੇ ਵੀ ਮਾਮਲੇ ’ਚ ਫਰਵਰੀ, 2022 ਤੱਕ ਗ੍ਰਿਫ਼ਤਾਰੀ ਨਹੀਂ ਹੋਵੇਗੀ। ਸਿਰਫ ਐੱਫ. ਆਈ. ਆਰ. ਨੰਬਰ 77 ’ਚ ਇਹ ਹੁਕਮ ਲਾਗੂ ਨਹੀਂ ਹੋਣਗੇ ਕਿਉਂਕਿ ਉਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਅਦਾਲਤ ਨੇ ਸੈਣੀ ਨੂੰ ਭਵਿੱਖ ’ਚ ਕਿਸੇ ਵੀ ਏਜੰਸੀ ਵੱਲੋਂ ਦਰਜ ਕੀਤੇ ਜਾਣ ਵਾਲੇ ਮਾਮਲਿਆਂ ’ਚ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਸੁਮੇਧ ਸੈਣੀ ਨੂੰ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਦੀ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ। ਸੈਣੀ ਖ਼ਿਲਾਫ਼ ਅੰਡਰ ਟ੍ਰਾਇਲ ਮਾਮਲਿਆਂ ’ਚ ਵੀ ਅਦਾਲਤ ਫਰਵਰੀ, 2022 ਤੋਂ ਪਹਿਲਾਂ ਕੋਈ ਆਰਡਰ ਪਾਸ ਨਹੀਂ ਕਰੇਗੀ।
ਹਾਈਕੋਰਟ ਨੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ ਕਿ ਸੈਣੀ ਖ਼ਿਲਾਫ਼ ਦਰਜ ਹਰੇਕ ਮਾਮਲੇ ’ਚ ਜਾਂਚ ’ਤੇ ਵੀ ਫਰਵਰੀ, 2022 ਤੱਕ ਰੋਕ ਰਹੇਗੀ ਅਤੇ ਦਰਜ ਸਾਰੇ ਮਾਮਲਿਆਂ ਵਿਚ ਉਨ੍ਹਾਂ ਨੂੰ ਕੋਰਟ ਵਿਚ ਖ਼ੁਦ ਪੇਸ਼ ਨਾ ਹੋਣ ਦੀ ਛੋਟ ਵੀ ਰਹੇਗੀ।