ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ 'ਚ ਈਡੀ ਦੇ ਛਾਪੇ ਦੌਰਾਨ ਬਰਾਮਦ ਹੋਈ ਕਰੋੜਾਂ ਦੀ ਰਕਮ ਦੇ ਮਾਮਲੇ ਵਿੱਚ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਹ ਅੰਮ੍ਰਿਤਸਰ ਵਿਖੇ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਥੇ ਉਨ੍ਹਾਂ ਕਾਂਗਰਸੀ ਆਗੂਆਂ ਖਿਲਾਫ ਕਾਫੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਉਨ੍ਹਾਂ ਇਸ ਮਾਮਲੇ ਵਿੱਚ ਕਾਂਗਰਸ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਈਡੀ ਵੱਲੋਂ ਛਾਪੇ ਦੌਰਾਨ ਕਰੋੜਾਂ ਰੁਪਏ ਮਿਲੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮਾਈਨਿੰਗ ਮਾਫੀਆ ਚੰਨੀ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅੱਜ ਫਲੈਕਸ ਬੋਰਡ ਦੇਖੇ ਹਨ ਤੇ ਇਨ੍ਹਾਂ ਬੋਰਡਾਂ 'ਤੇ ਲੱਗੀਆਂ ਸੁਨੀਲ ਜਾਖੜ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀਆਂ ਇਕੱਠੀਆਂ ਫੋਟੋਆਂ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਗਾਂਧੀ ਦੇ ਤਿੰਨ ਬਾਂਦਰ ਹੁੰਦੇ ਹਨ।