
ਨਿਊਜ਼ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜਦੋਂ ਪੰਜਾਬ ’ਚ ਅਮਨ-ਕਾਨੂੰਨ ਵਿਵਸਥਾ ਸਭ ਤੋਂ ਮਾੜੇ ਹਾਲਾਤ 'ਚ ਹੈ ਅਤੇ ਫਿਰਕੂ ਸਦਭਾਵਨਾ ਖਿੰਡੀ ਹੋਈ ਹੈ, ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਫੋਰਸ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਧੀਨ ਕਰ ਦਿੱਤਾ ਹੈ ਤਾਂ ਜੋ ਉਹ ਆਪਣੀਆਂ ਨਿੱਜੀ ਸਿਆਸੀ ਕਿੜਾਂ ਕੱਢ ਸਕਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਕੇਜਰੀਵਾਲ ਦੇ ਹੱਥ ’ਚ ਕਠਪੁਤਲੀ ਨਾ ਬਣਨ ’ਤੇ ਕਿਹਾ ਕਿ ਮੁੱਖ ਮੰਤਰੀ ਨੂੰ ਅਮਨ-ਕਾਨੂੰਨ ਵਿਵਸਥਾ ਦੀ ਮੀਟਿੰਗ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਬਜਾਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ, ਆਮ ਆਦਮੀ ਪਾਰਟੀ ਸਰਕਾਰ ਤਜਿੰਦਰ ਬੱਗਾ ਵਰਗੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਉਸ ਨੂੰ ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਹਰਿਆਣਾ ਪੁਲਸ ਛੁਡਾ ਕੇ ਦਿੱਲੀ ਪੁਲਸ ਹਵਾਲੇ ਕਰ ਦਿੰਦੀ ਹੈ। ਬਾਦਲ ਨੇ ਕਿਹਾ ਕਿ ਇਹ ਸਭ ਗ਼ੈਰ-ਲੋੜੀਂਦਾ ਸੀ। ਉਨ੍ਹਾਂ ਨੇ ਪੰਜਾਬ ਪੁਲਸ ਮੁਖੀ ਨੂੰ ਵੀ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਗ਼ੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਇਕ ਪ੍ਰੋਫੈਸ਼ਨਲ ਫੋਰਸ ਮੰਨਿਆ ਜਾਂਦਾ ਹੈ ਪਰ ਜਿਸ ਤਰੀਕੇ ‘ਆਪ’ ਸਰਕਾਰ ਨੇ ਇਸ ਦੁਰਵਰਤੋਂ ਕੀਤੀ ਹੈ, ਇਹ ਮਖੌਲ ਦਾ ਪਾਤਰ ਬਣ ਗਈ ਹੈ।