ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ ਦੇ ਪਿੰਡ ਬੁਰਜ ਸਿੱਧਵਾਂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਆਹੁਤਾ ਵਲੋਂ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁੱਖੀ ਹੋ ਜ਼ਿੰਦਗੀ ਖ਼ਤਮ ਕਰ ਲਈ ਗਈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਆਧਾਰ ਉਸ ਦੇ ਪਤੀ ਤੇ ਪ੍ਰੇਮਿਕਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕਾ ਦੀ ਪਛਾਣ ਚਰਨਜੀਤ ਕੌਰ ਦੇ ਰੂਪ 'ਚ ਹੋਈ ਹੈ । ਮ੍ਰਿਤਕਾ ਦੇ ਭਰਾ ਕੁਲਜੀਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 16 ਸਾਲ ਪਹਿਲਾਂ ਪਿੰਡ ਬੁਰਜ ਸਿੱਧਵਾਂ ਦੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਜਿਸ ਦਾ 16 ਸਾਲਾਂ ਦਾ ਮੁੰਡਾ ਵੀ ਹੈ ।
ਬੀਤੀ ਦਿਨੀਂ ਮ੍ਰਿਤਕਾ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਦੇ ਗੁਆਂਢ 'ਚ ਰਹਿਣ ਵਾਲੀ ਕੁੜੀ ਸਤਵੀਰ ਕੌਰ ਨਾਲ ਨਾਜਾਇਜ਼ ਸਬੰਧ ਹਨ । ਉਹ ਹਮੇਸ਼ਾ ਘਰ ਆਉਂਦੀ ਹੈ ਤੇ ਪਿਛਲੇ ਦਿਨੀਂ ਕੁੜੀ ਨੇ ਘਰ ਆ ਕੇ ਆਪਣੀ ਬਾਂਹ ਤੇ ਬਲੇਡ ਮਾਰ ਲਿਆ ਸੀ । ਉਹ ਧਮਕੀਆਂ ਦਿੰਦੀ ਹੈ ਕਿ ਉਸ ਨੇ ਗੁਰਪ੍ਰੀਤ ਸਿੰਘ ਨਾਲ ਵਿਆਹ ਕਰਵਾ ਕੇ ਬਾਹਰ ਚਲੇ ਜਾਣਾ ਹੈ। ਇਸ ਕਾਰਨ ਘਰ 'ਚ ਲੜਾਈ ਰਹਿੰਦੀ ਹੈ। ਕੁਲਜੀਤ ਕੁਮਾਰ ਨੇ ਕਿਹਾ ਕਿ ਉਸ ਦੀ ਭੈਣ ਪਤੀ ਤੇ ਉਸ ਦੀ ਪ੍ਰੇਮਿਕਾ ਕੋਲੋਂ ਕਾਫੀ ਪ੍ਰੇਸ਼ਾਨ ਸੀ। ਜਿਸ ਕਰਕੇ ਉਸ ਨੇ ਅੱਜ ਪੱਖੇ ਨਾਲ ਫਾਹਾ ਲੈ ਲਿਆ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।