ਨਿਊਜ਼ ਡੈਸਕ (ਸਿਮਰਨ) : ਅਬੋਹਰ ਦੇ ਹਲਕਾ ਬੱਲੂਆਣਾ ਦਾ ਪਿੰਡ ਰਾਮਗਡ਼੍ਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਣੀ ਦੀ ਮਾਰ ਹੇਠ ਆ ਰਿਹਾ ਹੈ। ਜਿਸ ਕਾਰਨ ਪਿੰਡ ਵਾਸੀ ਪਿੰਡ ਛੱਡਣ ਲਈ ਮਜਬੂਰ ਹੋਏ ਪਏ ਹਨ ਤੇ ਉਨ੍ਹਾਂ ਨੇ ਪਿੰਡ ਨੂੰ ਵਿਕਾਊ ਕਰ ਦਿੱਤਾ ਹੈ।
ਗੱਲਬਾਤ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਦੇ ਬੇਟੇ ਵਿਵੇਕ ਸਹਾਰਣ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੁਕਤਸਰ ਏਰੀਏ ਵਿਚੋਂ ਲਗਭਗ 25 ਪਿੰਡਾਂ ਦਾ ਪਾਣੀ ਸਾਡੇ ਵੱਲ ਕੱਢਿਆ ਜਾਂਦਾ ਹੈ ਜਿਸ ਨਾਲ ਸਾਡੇ ਏਰੀਏ ਵਿਚ ਹੜ੍ਹ ਵਰਗਾ ਮਾਹੌਲ ਹੋ ਜਾਂਦਾ ਹੈ ਅਤੇ ਸਾਰੀਆਂ ਫ਼ਸਲਾਂ ਅਤੇ ਪਿੰਡ ਹਮੇਸ਼ਾ ਡੁੱਬ ਜਾਂਦਾ ਹੈ। ਜਿਸ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ।
ਉਸਨੇ ਦੱਸਿਆ ਕਿ ਪਿੰਡ ਵੱਲੋਂ ਆਪਣੇ ਤੌਰ ਤੇ ਹੀ ਪਿੰਡ ਦੇ ਚਾਰੋਂ ਤਰਫ਼ ਬੰਨ੍ਹ ਲਾ ਕੇ ਪਿੰਡ ਦਾ ਬਚਾਅ ਕੀਤਾ ਜਾਂਦਾ ਹੈ ਖੇਤਾਂ ਵਿੱਚ ਪਾਣੀ ਭਰਨ ਕਾਰਨ ਪਸ਼ੂਆਂ ਦੇ ਖਾਣ ਲਈ ਚਾਰਾ ਵੀ ਨਹੀਂ ਮਿਲਦਾ ਜਿਸ ਕਾਰਨ ਕਈ ਪਸ਼ੂਆਂ ਦੀ ਮੌਤ ਹੀ ਹੋ ਜਾਂਦੀ ਹੈ।
ਇਸਦੇ ਨਾਲ ਹੀ ਪਿੰਡ ਦੇ ਵਾਟਰ ਵਰਕਸ ਵਿਚ ਵੀ ਗੰਦਾ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਪਿੰਡ ਨੂੰ ਪੀਣ ਲਈ ਪਾਣੀ ਵੀ ਦੂਰੋਂ ਦੂਰੋਂ ਲਿਆਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੀ ਸ਼ਮਸ਼ਾਨ ਭੂਮੀ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਜੇਕਰ ਕੋਈ ਭਾਣਾ ਵਰਤ ਜਾਂਦਾ ਹੈ ਤਾਂ ਸਸਕਾਰ ਕਰਨ ਨੂੰ ਵੀ ਦੂਜੇ ਪਿੰਡ ਜਾਣਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਚਾਰੋਂ ਤਰਫ ਕਾਫੀ ਬਦਬੂਦਾਰ ਪਾਣੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੈ | ਕਈ ਢਾਣੀਆਂ ਨੂੰ ਤਾਂ ਜਾਨ ਰਸਤਾ ਵੀ ਨਹੀਂ ਬਚਿਆ ਉਹ ਗੰਦੇ ਪਾਣੀ ਦੇ ਵਿਚ ਟੱਪ ਕੇ ਆਪਣੇ ਘਰ ਜਾਂਦੇ ਹਨ । ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੇੜੇ ਮਾਰ ਕੇ ਫੋਟੋਆਂ ਖਿਚਵਾ ਕੇ ਸਿਰਫ਼ ਆਸ਼ਵਾਸਨ ਹੀ ਦਿੱਤਾ ਜਾਂਦਾ ਹੈ ।
ਫਿਲਹਾਲ ਪਿੰਡ ਦੇ ਸਾਰੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਬਚਾਇਆ ਜਾਵੇ ਜਾਂ ਫਿਰ ਪਿੰਡ ਨੂੰ ਪੰਜਾਬ ਚੋਂ ਕੱਢ ਕੇ ਕਿਸੇ ਹੋਰ ਸਟੇਟ ਨਾਲ ਜੋੜ ਦਿੱਤਾ ਜਾਵੇ ।