ਹੁਸ਼ਿਆਰਪੁਰ (ਗੁਰਦੀਪ ਸਿੰਘ) : ਚੰਡੀਗੜ੍ਹ ਰੋਡ 'ਤੇ ਸਥਿਤ ਰਿਆਤ ਬਾਹਰਾ ਕਾਲਜ 'ਚ ਬੀਐਸਸੀ ਨਰਸਿੰਗ (ਦੂਜਾ ਸਾਲ) ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਭੀ ਕੌਸ਼ਿਕ ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੀ ਰਹਿਣ ਵਾਲੀ ਸੀ।
ਮ੍ਰਿਤਕ ਰਿਆਤ-ਬਾਹਰਾ ਕਾਲਜ ਦੀ ਬੀਐਸਸੀ ਨਰਸਿੰਗ ਦੀ ਵਿਦਿਆਰਥਣ 3 ਜਨਵਰੀ ਨੂੰ ਪੇਪਰ ਦੇਣ ਲਈ ਕਾਲਜ ਆਈ ਸੀ। ਮ੍ਰਿਤਕ ਦਾ ਪੇਪਰ ਸੀ ਤੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਚੁੰਨੀ ਨਾਲ ਆਪਣੇ-ਆਪ ਨੂੰ ਫਾਹਾ ਲਾ ਲਿਆ।
ਇਸ ਸਬੰਧੀ ਕਾਲਜ ਮੈਨੇਜਮੈਂਟ ਨੂੰ ਪਤਾ ਲੱਗਣ 'ਤੇ ਥਾਣਾ ਚੱਬੇਵਾਲ ਇਤਲਾਹ ਦਿੱਤੀ ਗਈ ਅਤੇ ਚੱਬੇਵਾਲ ਪੁਲਿਸ ਨੇ ਉਕਤ ਲੜਕੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਆਤਮ ਹੱਤਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੱਬੇਵਾਲ ਦੇ ਐਸਐਚਓ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਪੁਲਿਸ ਵੱਲੋਂ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਲੋੜੀਂਦੀ 174 ਦੀ ਕਾਰਵਾਈ ਕੀਤੀ ਗਈ ਹੈ।