ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਰੇਵਾੜੀ ’ਚ ਇਕ ਪ੍ਰਾਈਵੇਟ ਸਕੂਲ ’ਚ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਸਰੀਰ ’ਤੇ ਸੱਟ ਦੇ ਕਾਫੀ ਨਿਸ਼ਾਨ ਹਨ। ਛੁੱਟੀ ਹੋਣ ਤੋਂ ਬਾਅਦ ਘਰ ਪਹੁੰਚ ਕੇ ਬੱਚੇ ਨੇ ਆਪਣੇ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ।
ਵਿਦਿਆਰਥੀ ਦੇ ਚਾਚਾ ਨੇ ਕੁੱਟਮਾਰ ਕਰਨ ਵਾਲੇ ਅਧਿਆਪਕ ਖਿਲਾਫ਼ ਰਾਮਪੁਰਾ ਥਾਣਾ ਅਤੇ ਇਲਾਜ ਨਾ ਕਰਨ ਵਾਲੇ ਡਾਕਟਰ ਖ਼ਿਲਾਫ ਸੀ. ਐੱਮ. ਓ. ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਰੇਵਾੜੀ ਦੇ ਮੁਹੱਲਾ ਆਦਰਸ਼ ਨਗਰ ਵਾਸੀ ਪ੍ਰੇਮ ਦਾ ਬੇਟਾ ਅਨੁਜ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਹੈ। ਸਕੂਲ ਤੋਂ ਘਰ ਪਰਤਦੇ ਸਮੇਂ ਬੱਸ ’ਚ ਜ਼ਿਆਦਾ ਭੀੜ ਹੋਣ ’ਤੇ ਅਨੁਜ ਦੀ ਕਿਸੇ ਸਾਥੀ ਵਿਦਿਆਰਥੀ ਨਾਲ ਬਹਿਸ ਹੋ ਗਈ ਸੀ।
ਜਦੋਂ ਉਹ ਸਕੂਲ ’ਚ ਪੇਪਰ ਦੇਣ ਪਹੁੰਚਿਆ ਤਾਂ ਇਸ ਤੋਂ ਪਹਿਲਾਂ ਸਕੂਲ ’ਚ ਇਕ ਅਧਿਆਪਕ ਨੇ ਅਨੁਜ ਨੂੰ ਬੁਲਾਇਆ। ਦੋਸ਼ ਹੈ ਕਿ ਇਕ ਕਮਰੇ ’ਚ ਲਿਜਾ ਕੇ ਅਨੁਜ ’ਤੇ ਅਧਿਆਪਕ ਨੇ ਡੰਡੇ ਵਰ੍ਹਾਏ, ਜਿਸ ਨਾਲ ਉਸ ਦਾ ਲੱਕ, ਕੰਨ ਅਤੇ ਹੋਰ ਥਾਵਾਂ ’ਤੇ ਕਾਫੀ ਸੱਟਾਂ ਲੱਗੀਆਂ। ਅਧਿਆਪਕ ਨੇ ਉਸ ਨੂੰ ਘਰ ’ਚ ਨਾ ਦੱਸਣ ਦੀ ਧਮਕੀ ਵੀ ਦਿੱਤੀ। ਅਨੁਜ ਦੇ ਚਾਚਾ ਨੇ ਦੋਸ਼ੀ ਅਧਿਆਪਕ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਮਪੁਰਾ ਥਾਮਾ ਵਿਚ ਸ਼ਿਕਾਇਤ ਦਿੱਤੀ ਹੈ।