ਸ਼੍ਰੀਨਗਰ (ਦੇਵ ਇੰਦਰਜੀਤ) : 15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਹਲਚਲ ਮਚੀ ਹੋਈ ਹੈ। ਅਜਿਹੇ ਵਿੱਚ ਸ਼ਨੀਵਾਰ ਦੇਰ ਸ਼ਾਮ ਸ਼੍ਰੀਨਗਰ ਦੇ ਸਨਤ ਨਗਰ ਵਿੱਚ ਇੱਕ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਧਮਾਕੇ ਵਿੱਚ ਇੱਕ ਸੀ.ਆਰ.ਪੀ.ਐੱਫ. ਜਵਾਨ ਦੇ ਜਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਦੋ ਦਿਨਾਂ ਵਿੱਚ ਤੀਜਾ ਗ੍ਰਨੇਡ ਹਮਲਾ ਹੈ।
ਸ਼੍ਰੀਨਗਰ ਦੇ ਸਨਤ ਨਗਰ ਇਲਾਕੇ ਵਿੱਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਗ੍ਰਨੇਡ ਸੁੱਟਿਆ ਹੈ। ਸੀ.ਆਰ.ਪੀ.ਐੱਫ. ਦੇ ਇੱਕ ਜਵਾਨ ਦੇ ਜਖ਼ਮੀ ਹੋਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਪੁਲਸ ਨੇ ਜੈਸ਼ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਨੇ ਬਾਇਕ ਵਿੱਚ IED ਫਿੱਟ ਕਰ ਕੇ ਹਮਲੇ ਦੀ ਵੱਡੀ ਸਾਜ਼ਿਸ਼ ਰਚੀ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ IED ਬੰਬ ਨੂੰ ਡਿਫਿਊਜ ਕਰ ਦਿੱਤਾ।
ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਿੱਚ ਇੱਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਘਾਟੀ ਵਿੱਚ ਅੱਤਵਾਦ ਦਾ ਸਫਾਇਆ ਕਰਨ ਲਈ ਭਾਰਤੀ ਸੁਰੱਖਿਆ ਬਲ ਲਗਾਤਾਰ ਆਪਰੇਸ਼ਨ ਚਲਾ ਰਹੇ ਹਨ। ਇਸ ਦੇ ਤਹਿਤ ਸ਼ੁੱਕਰਵਾਰ ਨੂੰ ਫੌਜ ਨੇ ਇੱਕ ਲਸ਼ਕਰ ਦੇ ਅੱਤਵਾਦੀ ਨੂੰ ਮਾਰ ਗਿਰਾਇਆ ਸੀ।