by jaskamal
ਨਿਊਜ਼ ਡੈਸਕ : ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਖਰਾਬ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ। ਦੇਸ਼ 'ਚ ਐਮਰਜੈਂਸੀ ਲਾਗੂ ਹੈ। ਸ਼੍ਰੀਲੰਕਾ 'ਚ ਐਮਰਜੈਂਸੀ ਦੌਰਾਨ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮਹਿੰਦਾ ਰਾਜਪਕਸ਼ੇ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ 'ਚ ਸਿਹਤ ਮੰਤਰੀ ਰਹੇ ਪ੍ਰੋਫੈਸਰ ਚੰਨਾ ਜੈਸੁਮਾਨਾ ਨੇ ਵੀ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੇ ਆਮ ਜਨਤਾ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਜਦੋਂ ਜਜ਼ਬਾਤ ਉੱਚਤਮ ਪੱਧਰ 'ਤੇ ਚੱਲ ਰਹੇ ਹੋਣ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਸਾ ਸਿਰਫ ਹਿੰਸਾ ਨੂੰ ਜਨਮ ਦੇਵੇਗੀ। ਮਹਿੰਦਾ ਰਾਜਪਕਸ਼ੇ ਨੇ ਕਿਹਾ ਹੈ ਕਿ ਅਸੀਂ ਜਿਸ ਆਰਥਿਕ ਸੰਕਟ ਵਿੱਚ ਹਾਂ, ਉਸ ਵਿੱਚ ਆਰਥਿਕ ਹੱਲ ਦੀ ਲੋੜ ਹੈ।