ਡਾ. ਭੀਮ ਰਾਓ ਅੰਬੇਦਕਰ ਦੇ ਜਨਮਦਿਨ ‘ਤੇ ਵਿਸ਼ੇਸ਼

by

ਚੰਡੀਗੜ੍ਹ (ਵਿਕਰਮ ਸਹਿਜਪਾਲ) : ਸੰਵਿਧਾਨ ਦੇ ਨਿਰਮਾਤਾ, ਸਮਾਜ ਸੁਧਾਰਕ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ ਅੱਜ 128ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ। ਡਾ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ। ਉਹ ਆਪਣੇ ਮਾਤਾ-ਪਿਤਾ ਦੀ 14ਵੀਂ ਸੰਤਾਨ ਸਨ। ਡਾ. ਅੰਬੇਦਕਰ ਅਜਿਹੀ ਹਿੰਦੂ ਜਾਤੀ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਨੂੰ ਸਮਾਜ 'ਚ ਅਛੂਤ ਸਮਝਿਆ ਜਾਂਦਾ ਸੀ। ਇਸੇ ਕਾਰਨ ਉਨ੍ਹਾਂ ਨਾਲ ਸਮਾਜ 'ਚ ਭੇਦਭਾਵ ਕੀਤਾ ਜਾਂਦਾ ਸੀ। 

ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਅੰਬੇਦਕਰ ਜੀ ਨੂੰ ਬਾਬਾ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਬਚਪਨ ਦਾ ਨਾਂਅ ਰਾਮਜੀ ਸਕਪਾਲ ਸੀ। ਸਕੂਲ 'ਚ ਉਹ ਇੱਕ ਬ੍ਰਾਹਮਣ ਅਧਿਆਪਕ ਕੋਲ ਪੜ੍ਹਦੇ ਸਨ ਜਿਨ੍ਹਾਂ ਦਾ ਨਾਂਅ ਸੀ ਮਹਾਦੇਵ ਅੰਬੇਦਕਰ, ਜੋ ਕਿ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਉਸ ਅਧਿਆਪਕ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਆਪਣੇ ਨਾਂਅ ਨਾਲ ਸਕਪਾਲ ਹਟਾ ਕੇ ਅੰਬੇਦਕਰ ਲਗਾ ਲਿਆ। 

ਵੀਡੀਓਡਾ. ਅੰਬੇਦਕਰ ਨੇ ਦਲਿਤਾਂ ਨਾਲ ਹੋ ਰਹੇ ਭੇਦਭਾਵ ਦਾ ਵਿਰੋਧ ਕੀਤਾ ਅਤੇ ਕਈ ਅੰਦੋਲਨ ਵੀ ਕੀਤੇ। 1936 'ਚ ਉਨ੍ਹਾਂ ਨੇ ਲੇਬਰ ਪਾਰਟੀ ਦਾ ਗਠਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੰਵਿਧਾਨ ਦੀ ਮਸੌਦਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਨੇ 1952 ਵਿਚ ਬੰਬਈ ਉੱਤਰੀ ਤੋਂ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਲੜੀਆਂ ਜਿਸ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

ਉਹ ਰਾਜ ਸਭਾ ਤੋਂ ਦੋ ਵਾਰ ਸੰਸਦ ਮੈਂਬਰ ਵੀ ਰਹੇ।ਸੰਸਦ ਵਿਚ ਹਿੰਦੂ ਕੋਡ ਬਿੱਲ ਮਸੌਦੇ ਨੂੰ ਰੋਕਣ ਤੋਂ ਬਾਅਦ ਅੰਬੇਡਕਰ ਨੇ ਕੈਬਿਨੇਟ ਤੋਂ ਅਸਤੀਫ਼ਾ ਦੇ ਦਿੱਤਾ। ਅੰਬੇਦਕਰ ਜੀ ਭਾਰਤੀ ਸੰਵਿਧਾਨ ਦੀ ਧਾਰਾ 370 ਵਿਰੁੱਧ ਸਨ ਜੋ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦਾ ਹੈ। 14 ਅਕਤੂਬਰ 1956 'ਚ ਅੰਬੇਦਕਰ ਜੀ ਨੇ ਬੋਧ ਧਰਮ ਅਪਣਾ ਲਿਆ ਅਤੇ 6 ਦਸੰਬਰ 1956 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ 1990 'ਚ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ।

ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾ. ਅੰਬੇਦਕਰ ਦੇ ਜਨਮ ਦਿਵਸ ਮੌਕੇ ਟਵਿੱਟਰ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੇ ਨਾਲ ਹੀ ਮਾਨਸਾ ਵਿੱਚ ਵੀ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।