ਲੁਧਿਆਣਾ (ਸਾਹਿਬ) - ਪੁਲਸ ਨੇ ਸ਼ਨੀਵਾਰ ਨੂੰ ਰੇਡ ਮਾਰੀ ਸੀ। ਇਸ ਰੇਡ 'ਤੇ ਅੱਗੇ ਐਕਸ਼ਨ ਲੈਂਦੇ ਹੋਏ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ 3 ਸਪਾ ਸੈਂਟਰਾਂ ਦੇ 2 ਮਾਲਕਾਂ ਸਮੇਤ 8 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਰੇਡ ਤੋਂ ਬਾਅਦ ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰ ਬੰਦ ਰਹੇ। ਦੱਸ ਦਈਏ ਕਿ ਪੁਲਸ ਨੇ ਰੇਡ ਤੋਂ ਬਾਅਦ ਜਾਂਚ ਕਰਦੇ ਹੋਏ ਉਨ੍ਹਾਂ ਸਪਾ ਸੈਂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਥੋਂ ਪੁਲਸ ਨੂੰ ਇਤਰਾਜ਼ਯੋਗ ਵਸਤੂਆਂ ਮਿਲੀਆਂ ਸਨ।
ਥਾਣਾ ਇੰਚਾਰਜ ਮਾਡਲ ਟਾਊਨ ਅਵਨੀਤ ਕੌਰ ਅਨੁਸਾਰ ਪੁਲਸ ਨੇ ਗੋਲਡਨ ਸਪਾ ਦੇ ਮਾਲਕ ਰੁਦਰ ਪ੍ਰਤਾਪ ਨਿਵਾਸੀ ਦਿੱਲੀ ਸਮੇਤ ਉਸ ਦੇ 2 ਕਰਮਚਾਰੀ ਸੰਜੇ ਅਤੇ ਮਿਲਨ ਓਜਾ, ਵਹਟ ਹੈਵਨ ਸਪਾ ਦੇ ਆਕਾਸ਼ ਪੰਡਿਤ ਨਿਵਾਸੀ ਛੋਟੀ ਹੈਬੋਵਾਲ, ਰੌਸ਼ਨ ਨਿਵਾਸੀ ਅੰਬੇਦਕਰ ਨਗਰ ਅਤੇ ਬੱਬਲ ਨਿਵਾਸੀ ਇਸਲਾਮਗੰਜ ਅਤੇ ਡ੍ਰੀਮ ਸਪਾ ਦੇ ਮਾਲਕ ਕੁਲਪ੍ਰੀਤ ਸਿੰਘ ਉਰਫ ਸੰਨੀ ਮੱਕੜ ਅਤੇ ਪ੍ਰਵੇਸ਼ ਆਹੂਜਾ ਖਿਲਾਫ ਇਮੋਰਲ ਟ੍ਰੈਫਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੇ ਸੰਜੇ ਮਿਲਨ ਓਜਾ, ਰੌਸ਼ਨ ਅਤੇ ਪ੍ਰਵੇਸ਼ ਆਹੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 3 ਮਾਲਕਾਂ ਸਮੇਤ 4 ਮੁਲਜ਼ਮ ਫਰਾਰ ਹਨ। ਪੁਲਸ ਨੇ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।