ਟਾਰਾਂਟੋ (ਦੇਵ ਇੰਦਰਜੀਤ) : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਇੰਪਲੌਈਜ਼ ਨੂੰ ਵਾਪਿਸ ਸੱਦ ਰਹੀ ਹੈ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ ਹੈ ਉਹ ਕਈ ਤਰ੍ਹਾਂ ਦੇ ਕੰਮ ਕਰਨਗੇ, ਇਨ੍ਹਾਂ ਵਿੱਚ ਫਲਾਈਟ ਅਟੈਂਡੈਂਟ ਵੀ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਨੂੰ ਸਿਲਸਿਲੇਵਾਰ ਜੂਨ ਤੇ ਜੁਲਾਈ ਵਿੱਚ ਵੀ ਸੱਦਿਆ ਜਾਵੇਗਾ।ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿੱਕ ਨੇ ਆਖਿਆ ਕਿ ਏਅਰਲਾਈਨ ਵੱਲੋਂ ਆਪਣੇ ਵਰਕਰਜ਼ ਨੂੰ ਵਾਪਿਸ ਸੱਦਣ ਦਾ ਵੱਡਾ ਕਾਰਨ ਵੈਕਸੀਨੇਸ਼ਨ ਵਿੱਚ ਆਈ ਤੇਜ਼ੀ, ਕੋਵਿਡ-19 ਮਾਮਲਿਆਂ ਵਿੱਚ ਆਈ ਕਮੀ ਤੇ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਦਿੱਤੀ ਜਾਣ ਵਾਲੀ ਸੰਭਾਵੀ ਢਿੱਲ ਹੈ।
ਉਨ੍ਹਾਂ ਆਖਿਆ ਕਿ ਵਰਕਰਜ਼ ਨੂੰ ਵਾਪਿਸ ਸੱਦਣਾ ਏਅਰਲਾਈਨ ਦੇ ਨੈੱਟਵਰਕ ਦੇ ਮੁੜ ਨਿਰਮਾਣ ਦੀ ਕੋਸਿ਼ਸ਼ ਹੈ ਤੇ ਇਸ ਦੇ ਨਾਲ ਹੀ ਟਰੈਵਲ ਲਈ ਵਧਣ ਵਾਲੀ ਮੰਗ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਿ਼ਕਰਯੋਗ ਹੈ ਕਿ ਮਹਾਂਮਾਰੀ ਕਾਰਨ ਏਅਰ ਕੈਨੇਡਾ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਵਰਕਰਜ਼ ਦੀ ਛਾਂਗੀ ਕਰਨੀ ਪਈ ਸੀ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਪਰੈਲ ਵਿੱਚ ਏਅਰਲਾਈਨ ਤੇ ਫੈਡਰਲ ਸਰਕਾਰ ਦਰਮਿਆਨ 5·9 ਬਿਲੀਅਨ ਡਾਲਰ ਦਾ ਸਮਝੌਤਾ ਹੋਇਆ ਸੀ।