ਨਵੀਂ ਦਿੱਲੀ (ਸਰਬ): ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਸਦ ਦੇ ਸੈਂਟਰਲ ਹਾਲ 'ਚ ਪਾਰਟੀ ਨੇਤਾਵਾਂ ਦੀ ਬੈਠਕ 'ਚ ਸੋਨੀਆ ਦੇ ਨਾਂ ਦਾ ਪ੍ਰਸਤਾਵ ਰੱਖਿਆ। ਗੌਰਵ ਗੋਗੋਈ ਅਤੇ ਤਾਰਿਕ ਅਨਵਰ ਨੇ ਇਸ ਦਾ ਸਮਰਥਨ ਕੀਤਾ।
ਇਸ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਹੋਈ ਸੀ। ਇਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਸੀਡਬਲਿਊਸੀ ਦੀ ਬੈਠਕ 'ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਰਾਹੁਲ ਵਾਇਨਾਡ ਸੀਟ ਛੱਡ ਕੇ ਰਾਏਬਰੇਲੀ ਸੀਟ ਆਪਣੇ ਕੋਲ ਰੱਖਣਗੇ।
ਕਾਂਗਰਸ ਮਹਿਲਾ ਮੋਰਚਾ ਦੀ ਪ੍ਰਧਾਨ ਅਲਕਾ ਲਾਂਬਾ ਨੇ ਕਿਹਾ, 'ਕੇਜਰੀਵਾਲ ਸਮੇਤ ਵੱਡੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ ਜਾਣ ਅਤੇ ਸਵਾਤੀ ਮਾਲੀਵਾਲ ਨਾਲ ਲੜਾਈ ਕਾਰਨ ਕਾਂਗਰਸ ਪਾਰਟੀ ਨੂੰ ਗਠਜੋੜ ਤੋਂ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ‘ਆਪ’ ਨਾਲ ਗਠਜੋੜ ਨਹੀਂ ਕੀਤਾ, ਇਸ ਦਾ ਸਿੱਧਾ ਫਾਇਦਾ ਸਾਨੂੰ ਹੋਇਆ ਹੈ।
ਦਿੱਲੀ ਦੇ ਅਸ਼ੋਕਾ ਹੋਟਲ 'ਚ CWC ਦੀ ਬੈਠਕ ਕਰੀਬ 3 ਘੰਟੇ ਚੱਲੀ। ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਮਤਾ ਵੀ ਪਾਸ ਕੀਤਾ। ਇਸ 'ਤੇ ਰਾਹੁਲ ਨੇ ਕਿਹਾ, 'ਮੈਨੂੰ ਸੋਚਣ ਦਾ ਸਮਾਂ ਦਿਓ।' ਇਹ ਅਹੁਦਾ ਪਿਛਲੇ 10 ਸਾਲਾਂ ਤੋਂ ਖਾਲੀ ਹੈ।