ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਦੇ ਪਿੰਡ ਲੱਖਾ 'ਚ ਉਸ ਸਮੇਂ ਲੋਕ ਹੈਰਾਨ ਰਹਿ ਗਏ, ਜਦੋਂ ਪਿੰਡ ਦੇ ਹੀ ਰਹਿਣ ਵਾਲੇ 55 ਸਾਲ ਦੇ ਜਗਰੂਪ ਸਿੰਘ ਨੂੰ ਉਸਦੇ ਹੀ ਪੁੱਤਰ ਕਰਮਜੀਤ ਸਿੰਘ ਨੇ ਲੱਕੜ ਦੇ ਮੋਟੇ ਘੋਟਣੇ ਮਾਰ ਮਾਰ ਕੇ ਕਤਲ ਕਰ ਦਿੱਤਾ। ਕਰਮਜੀਤ ਸਿੰਘ ਦੇ ਭਰਾ ਦਵਿੰਦਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਭਰਾ ਦੀ ਵੀ ਲੱਤ ਤੋੜ ਦਿੱਤੀ। ਜਿਕਰਯੋਗ ਹੈ ਕਿ ਇਸੇ ਪੁੱਤਰ ਨੇਂ ਪਿਛਲੇ ਸਾਲ ਆਪਣੀ ਮਾਂ ਦਾ ਵੀ ਕਤਲ ਕੀਤਾ ਸੀ। ਫਿਲਹਾਲ ਪੁਲਿਸ ਨੇ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।
ਪੁਲਿਸ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਆਪਣੇ ਹੀ ਪਿਓ ਨੂੰ ਕਤਲ ਕਰਨ ਵਾਲੇ ਕਰਮਜੀਤ ਸਿੰਘ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਦੇ ਪਿਓ ਨੇ ਉਸਨੂੰ ਉੱਚੀ ਆਵਾਜ਼ 'ਚ ਬੂਫਰ ਤੇ ਗਾਣੇ ਸੁਣਨ ਤੋਂ ਰੋਕਿਆ ਸੀ ਤੇ ਫਿਰ ਉਸਦੇ ਸੋਟੀ ਵੀ ਮਾਰੀ ਸੀ। ਜਿਸ ਕਰਕੇ ਉਨ੍ਹਾਂ ਦੀ ਆਪਸ 'ਚ ਬਹਿਸ ਵੀ ਹੋਈ ਤੇ ਫਿਰ ਉਸਨੇ ਇਕ ਲੱਕੜ ਦੇ ਮੋਟੇ ਘੋਟਣੇ ਆਪਣੇ ਪਿਓ ਦੇ ਮਾਰ ਮਾਰ ਕੇ ਉਸਨੂੰ ਮਾਰ ਦਿੱਤਾ।