ਪੱਤਰ ਪ੍ਰੇਰਕ : ਜਾਇਦਾਦ ਦੇ ਝਗੜੇ ਕਾਰਨ ਖੰਨਾ ਵਿੱਚ ਕਲਯੁਗੀ ਪੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। ਪੁੱਤ ਨੇ ਮਾਂ ਦੇ ਢਿੱਡ ਵਿੱਚ ਇੱਕ ਤੋਂ ਬਾਅਦ ਇੱਕ ਚਾਕੂ ਨਾਲ ਕਈ ਵਾਰ ਕੀਤੇ। ਇੰਨਾ ਹੀ ਨਹੀਂ ਕਾਤਲ ਨੇ ਆਪਣੇ ਭਰਾ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ 77 ਸਾਲ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਹਮਲਾਵਰ ਦੇ ਭਰਾ ਤੇ ਬਲਜੀਤ ਕੌਰ ਦੇ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਹੀ ਪਿੰਡ ਵਿੱਚ ਕੀਰਤ ਵੈਸ਼ਨੋ ਢਾਬੇ ਦੇ ਨਾਂ ’ਤੇ ਢਾਬਾ ਚਲਾ ਰਿਹਾ ਹੈ। ਉਹ ਆਪਣੀ ਮਾਂ ਨਾਲ ਢਾਬੇ 'ਤੇ ਮੌਜੂਦ ਸੀ ਅਤੇ ਇਸੇ ਦੌਰਾਨ ਉਸ ਦਾ ਭਰਾ ਪਰਮਿੰਦਰ ਸਿੰਘ ਆ ਗਿਆ ਤੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ। ਜਦੋਂ ਵਿਰੋਧ ਕੀਤਾ, ਤਾਂ ਪਰਮਿੰਦਰ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਸ ਦੀ ਮਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗੁੱਸੇ 'ਚ ਆਏ ਪਰਮਿੰਦਰ ਨੇ ਮਾਂ ਦੇ ਢਿੱਡ 'ਚ ਚਾਕੂ ਨਾਲ ਕਈ ਹਮਲੇ ਕਰ ਕੇ ਜ਼ਖਮੀ ਕਰ ਦਿੱਤਾ।
ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਜੰਗ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਿੰਦਰ ਸਿੰਘ ਖ਼ਿਲਾਫ਼ ਕਤਲ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ ਹੈ। ਕਤਲ ਅਤੇ ਇਰਾਦਾ ਕਤਲ ਦੀਆਂ ਦੋਵੇਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਝਗੜਾ ਰੋਕੂ ਕਾਰਵਾਈ ਵੀ ਕੀਤੀ ਸੀ। ਪਰ, ਪਰਮਿੰਦਰ ਨਹੀਂ ਸੁਧਰਿਆ ਅਤੇ ਜਾਇਦਾਦ ਦੇ ਝਗੜੇ ਵਿੱਚ ਪਰਮਿੰਦਰ ਸਿੰਘ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।