ਨਵੀਂ ਦਿੱਲੀ (ਦੇਵ ਇੰਦਰਜੀਤ)- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ 'ਮੇਟਾ' (Meta) ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਰਿਪੋਰਟ ਆ ਰਹੀ ਸੀ ਕਿ ਫੇਸਬੁੱਕ ਇਕ ਨਵੇਂ ਨਾਂ ਨਾਲ ਰੀਬ੍ਰਾਂਡ ਕਰਨ ਦੀ ਪਲਾਨਿੰਗ ਬਣਾ ਰਿਹਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਕੰਪਨੀ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਤੋਂ ਅਗੇ ਵਧ ਕੇ 'ਮੇਟਾਵਰਸ ਕੰਪਨੀ' ਬਣੇਗਾ ਅਤੇ ''ਐਮਬਾਈਡੇਡ ਇੰਟਰਨੈੱਟ' 'ਤੇ ਕੰਮ ਕਰੇਗਾ ਜਿਸ 'ਚ ਅਸਲ ਅਤੇ ਵਰਚੁਅਲ ਦੁਨੀਆ ਦਾ ਮੇਲ ਪਹਿਲੇ ਤੋਂ ਕਾਫੀ ਜ਼ਿਆਦਾ ਹੋਵੇਗਾ।
ਫੇਸਬੁੱਕ ਦੇ ਸਾਬਕਾ ਸਿਵਿਕ ਇੰਟੀਗ੍ਰਿਟੀ ਚੀਫ, ਸਮਿਧ ਚੱਕਰਵਰਤੀ ਨੇ ਕੰਪਨੀ ਨੂੰ 'ਮੇਟਾ' ਨਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਫੇਸਬੁੱਕ ਨੇ 2005 'ਚ ਵੀ ਕੁਝ ਅਜਿਹਾ ਹੀ ਕੀਤਾ ਸੀ ਜਦ ਉਸ ਨੇ ਆਪਣਾ ਨਾਂ TheFacebook ਤੋਂ ਬਦਲ ਕੇ Facebook ਕਰ ਦਿੱਤਾ ਸੀ। ਦੁਨੀਆ ਭਰ 'ਚ ਫੇਸਬੁੱਕ ਦਾ ਇਸਤੇਮਾਲ 3 ਅਰਬ ਤੋਂ ਜ਼ਿਆਦਾ ਲੋਕ ਕਰਦੇ ਹਨ। ਉਥੇ, ਭਾਰਤ 'ਚ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 41 ਕਰੋੜ ਹੈ।
ਫੇਸਬੁੱਕ ਅਤੇ ਹੋਰ ਵੱਡੀਆਂ ਕੰਪਨੀਆਂ ਲਈ 'ਮੇਟਾਵਰਸ' ਉਤਸ਼ਾਹਜਨਕ ਹੈ ਕਿਉਂਕਿ ਇਸ ਨਾਲ ਨਵੇਂ ਬਜ਼ਾਰਾਂ, ਨਵੇਂ ਤਰ੍ਹਾਂ ਦੇ ਸੋਸ਼ਲ ਨੈੱਟਵਰਕਾਂ, ਨਵੇਂ ਉਪਭੋਗਤਾਵਾਂ ਇਲੈਕਟ੍ਰਾਨਿਕਸ ਅਤੇ ਨਵੇਂ ਪੇਟੈਂਟ ਲਈ ਮੌਕੇ ਪੈਦਾ ਹੁੰਦੇ ਹਨ। ਫੇਸਬੁੱਕ ਨੇ ਇਹ ਨਾਂ ਉਸ ਵੇਲੇ ਬਦਲਿਆ ਹੈ ਜਦ ਕੰਪਨੀ 'ਤੇ ਕਈ ਦੇਸ਼ਾਂ 'ਚ ਆਨਲਾਈਨ ਸੁਰੱਖਿਆ, ਭੜਕਾਊ ਕੰਟੈਂਟ ਨੂੰ ਨਾ ਰੋਕਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਭਾਰਤ ਸਰਕਾਰ ਨੇ ਵੀ ਫੇਸਬੁੱਕ ਨੂੰ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਕੰਪਨੀ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਐਲਗੋਰੀਦਮ ਅਤੇ ਪ੍ਰਕਿਰਿਆਵਾਂ ਦਾ ਵੇਰਵਾ ਮੰਗਿਆ ਹੈ।