…ਤਾਂ ਜਦੋਂ ਸਿਰਫ਼ ਸੋਚਣ ਨਾਲ ਹੀ ਹੋਣਗੇ ਕੰਮ! ਐਲੋਨ ਮਸਕ ਦਾ ਦਾਅਵਾ- 2022 ‘ਚ ਇਨਸਾਨਾਂ ਦੇ ਲੱਗੇਗੀ ਚਿੱਪ

by jaskamal

ਨਿਊਜ਼ ਡੈਸਕ (ਜਸਕਮਲ) : ਸੋਚੋ ਜੇਕਰ ਤੁਹਾਨੂੰ ਸਵੇਰੇ 4 ਵਜੇ ਉੱਠ ਕੇ ਕੋਈ ਜ਼ਰੂਰੀ ਕੰਮ ਮੁਕੰਮਲ ਕਰਨਾ ਹੋਵੇ ਤੇ ਤੁਸੀਂ ਅਲਾਰਮ ਲਾਉਣਾ ਭੁੱਲ ਗਏ, ਪਰ ਠੀਕ 4 ਵਜੇ ਤੁਹਾਡੇ ਮੋਬਾਈਲ (Mobile) ਦਾ ਅਲਾਰਮ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਵੇ ਤੇ ਤੁਸੀਂ ਜਾਗ ਜਾਵੋ। ਜਾਂ ਤੁਹਾਨੂੰ ਬੌਸ ਨੂੰ ਇਕ ਮੇਲ ਭੇਜਣੀ ਪਵੇਗੀ, ਪਰ ਹੁਣ ਤੁਸੀਂ ਗੱਡੀ ਚਲਾ ਰਹੇ ਹੋ। ਮੇਲ (Mail) ਤੁਹਾਡੇ ਬੌਸ ਤਕ ਸਮੇਂ ਸਿਰ ਪਹੁੰਚ ਜਾਂਦੀ ਹੈ ਭਾਵੇਂ ਤੁਸੀਂ ਗੱਡੀ ਚਲਾਉਂਦੇ ਹੋਵੋ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੈ। ਜੋ ਕੁਝ ਦਿਮਾਗ (Brain) 'ਚ ਆ ਰਿਹਾ ਹੈ, ਉਹ ਆਪਣੇ ਆਪ ਹੀ ਹੋਵੇਗਾ ਹੈ। ਇਹ ਕੋਈ ਕਾਲਪਨਿਕ ਗੱਲ ਨਹੀਂ, ਸਗੋਂ ਅਗਲੇ ਕੁਝ ਸਾਲਾਂ 'ਚ ਹੋਣ ਵਾਲੀ ਤਬਦੀਲੀ ਦੀ ਝਲਕ ਦਿਖਾ ਰਹੇ ਹਾਂ।

ਦਰਅਸਲ, ਜਿਸ ਨਵੀਂ ਤਕਨੀਕ ਦੀ ਅਸੀਂ ਗੱਲ ਕਰ ਰਹੇ ਹਾਂ, ਉਸ 'ਚ ਤੁਹਾਡਾ ਦਿਮਾਗ ਤੇ ਇਸ 'ਚ ਮੌਜੂਦ ਇਕ ਚਿੱਪ ਇਕ ਦੂਜੇ ਨਾਲ ਸਿੱਧੇ ਜੁੜ ਜਾਣਗੇ ਤੇ ਬਿਨਾਂ ਕਿਸੇ ਹੁਕਮ ਦੇ ਸੋਚੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਨਿਊਰਲਿੰਕ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਇਸ ਚਿੱਪ ਨੂੰ ਮਨੁੱਖੀ ਦਿਮਾਗ 'ਚ ਲਾਉਣ ਲਈ ਤਿਆਰ ਹੈ।

ਤੁਹਾਨੂੰ ਦੱਸ ਦੇਈਏ ਕਿ ਨਿਊਰਲਿੰਕ ਨੇ ਅਜਿਹਾ ਨਿਊਰਲ ਇਮਪਲਾਂਟ ਵਿਕਸਿਤ ਕੀਤਾ ਹੈ ਜੋ ਦਿਮਾਗ ਦੇ ਅੰਦਰ ਚੱਲ ਰਹੀ ਗਤੀਵਿਧੀ ਨੂੰ ਬਿਨਾਂ ਕਿਸੇ ਬਾਹਰੀ ਹਾਰਡਵੇਅਰ ਦੇ ਵਾਇਰਲੈੱਸ ਤਰੀਕੇ ਨਾਲ ਸੰਚਾਰਿਤ ਕਰ ਸਕਦਾ ਹੈ। ਸੋਮਵਾਰ ਨੂੰ ਵਾਲ ਸਟਰੀਟ ਜਰਨਲ ਦੇ ਸੀਈਓ ਕੌਂਸਲ ਸੰਮੇਲਨ ਦੇ ਨਾਲ ਲਾਈਵ-ਸਟ੍ਰੀਮ ਕੀਤੇ ਇੰਟਰਵਿਊ ਦੌਰਾਨ, ਐਲੋਨ ਮਸਕ ਨਾਲ 2022 ਲਈ ਕੰਪਨੀ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਗਈ।

ਇਸ ਦੌਰਾਨ ਐਲੋਨ ਮਸਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਮਨੁੱਖੀ ਦਿਮਾਗ 'ਚ ਚਿੱਪ ਲਗਾਉਣ ਲਈ ਤਿਆਰ ਹੋ ਜਾਵੇਗੀ। ਮਸਕ ਨੇ ਕਿਹਾ, ਨਿਊਰਲਿੰਕ ਬਾਂਦਰਾਂ 'ਚ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਅਸੀਂ ਇਸ ਨਾਲ ਜੁੜੇ ਕਈ ਟੈਸਟ ਕਰ ਰਹੇ ਹਾਂ। ਬਾਂਦਰਾਂ 'ਤੇ ਕੀਤੇ ਜਾ ਰਹੇ ਟੈਸਟਾਂ ਨੂੰ ਦੇਖਣ ਤੋਂ ਬਾਅਦ, ਅਸੀਂ ਇਸ ਗੱਲ 'ਤੇ ਜ਼ੋਰ ਦੇ ਸਕਦੇ ਹਾਂ ਕਿ ਇਹ ਬਹੁਤ ਸੁਰੱਖਿਅਤ ਤੇ ਭਰੋਸੇਮੰਦ ਹੈ।

ਉਨ੍ਹਾਂ ਕਿਹਾ ਕਿ ਨਿਊਰਲਿੰਕ ਡਿਵਾਈਸ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਤਕਨੀਕ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਜੋ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਜਿਵੇਂ ਕਿ ਟੈਟਰਾਪਲੇਜਿਕ, ਕਵਾਡ੍ਰੀਪਲੇਜਿਕ ਤੋਂ ਪੀੜਤ ਹਨ ਤੇ ਲੰਬੇ ਸਮੇਂ ਤੋਂ ਬਿਸਤਰ 'ਤੇ ਹਨ। ਮਸਕ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਨੂੰ ਅਗਲੇ ਸਾਲ ਐੱਫਡੀਏ ਤੋਂ ਵੀ ਇਸ ਲਈ ਮਨਜ਼ੂਰੀ ਮਿਲ ਜਾਵੇਗੀ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਉਸ ਵਿਅਕਤੀ ਨੂੰ ਤਾਕਤ ਦੇਣ ਦਾ ਮੌਕਾ ਹੈ ਜੋ ਤੁਰ ਨਹੀਂ ਸਕਦਾ ਜਾਂ ਆਪਣੇ ਹੱਥਾਂ ਨਾਲ ਕੰਮ ਨਹੀਂ ਕਰ ਸਕਦਾ।