ਉਰੰਗੀ (ਦੇਵ ਇੰਦਰਜੀਤ) : ਪਾਕਿਸਤਾਨ ਦੇ ਕਸਬਾ ਉਰੰਗੀ ’ਚ ਇਕ ਪ੍ਰੇਮੀ ਅਤੇ ਪ੍ਰੇਮਿਕਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ’ਤੇ ਗੁੱਸੇ ’ਚ ਆਏ ਪ੍ਰੇਮਿਕਾ ਦੇ ਭਰਾਵਾਂ ਵਲੋਂ ਉਨ੍ਹਾਂ ਦੋਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵਾਰਦਾਤ ਨਾਲ ਕਸਬੇ ’ਚ ਸਨਸਨੀ ਫੈਲ ਗਈ। ਮ੍ਰਿਤਕ ਪ੍ਰੇਮੀ ਅਤੇ ਪ੍ਰੇਮਿਕਾਂ ਦੀ ਪਛਾਣ ਮੂਸਾ ਉਰਫ ਸ਼ੇਰ ਜਮਨ 26 ਅਤੇ ਅਮਨਾ ਉਰਫ ਰੂਬੀ 23 ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ।
ਜਾਣਕਾਰੀ ਅਨੁਸਾਰ ਕਸਬਾ ਉਰੰਗੀ ਨਿਵਾਸੀ ਮੂਸਾ ਉਰਫ ਸ਼ੇਰ ਜਮਨ ਅਤੇ ਅਮਨਾ ਉਰਫ ਰੂਬੀ ਨੇ ਇਕ ਮਹੀਨਾ ਪਹਿਲਾਂ ਪ੍ਰੇਮਿਕਾ ਦੇ ਪਰਿਵਾਰ ਵਲੋਂ ਵਿਰੋਧ ਕਰਨ ਦੇ ਬਾਵਜੂਦ ਉਸ ਨਾਲ ਪ੍ਰੇਮ ਨਿਕਾਹ ਕਰ ਲਿਆ ਸੀ। ਪ੍ਰੇਮ ਵਿਆਹ ਕਰਵਾਉਣ ਕਾਰਨ ਗੁੱਸੇ ’ਚ ਆਏ ਭਰਾ ਅਸਾਦ ਅਤੇ ਸਦੀਕ ਉਰੰਗੀ ਸੁਲਤਾਨੀ ਮਸਜਿਦ ਕੋਲ ਰਹਿ ਰਹੀ ਆਪਣੀ ਭੈਣ ਰੂਬੀ ਦੇ ਘਰ ਉਸ ਨੂੰ ਮਿਲਣ ਲਈ ਆ ਗਏ। ਦੋਵੇਂ ਭਰਾਵਾਂ ਨੇ ਉਸ ਦੇ ਘਰ ਆਉਂਦੇ ਹੀ ਭੈਣ ਰੂਬੀ ਅਤੇ ਉਸ ਦੇ ਪ੍ਰੇਮੀ ਮੂਸਾ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਦੋਵੇਂ ਭਰਾ ਉਥੋਂ ਭੱਜ ਗਏ।